ਪੰਨਾ:ਚਾਰੇ ਕੂਟਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਜ਼ਲ ਤੇ ਆਣ ਪੁੱਜੇ, ਰਾਹਾਂ 'ਚ ਚੂਰ ਹੋਏ।
ਵੱਸੇ ਦਿਲਾਂ 'ਚ ਆ ਕੇ, ਨਜ਼ਰਾਂ ਤੋਂ ਦੂਰ ਹੋਏ।
ਬਣ ਕੇ ਜਗੇ ਦੀਵਾਲੀ, ਦੀਦੇ ਬੇ-ਨੂਰ ਹੋਏ।
ਹੇਕਾਂ ਦੀ ਸੂਈ ਸੀਤਾ, ਹਿਰਦਾ ਲੰਗਾਰ ਹੋਇਆ-
ਤੇਰਾ ਦੀਦਾਰ ਹੋਇਆ!

ਪੈਰਾਂ ਦੀ ਟਾਪ ਉਤੇ, ਆ ਝੂਮੀਆਂ ਉਮੰਗਾਂ।
ਰਾਤੋਂ ਸਵੇਰ ਹੋਈ, ਰੰਗੀ ਹੈ ਧਰਤ ਰੰਗਾਂ।
ਚਰਖੀ ਤੇ ਤੰਦ ਘੂਕੇ, ਤੇ ਛਣਕੀਆਂ ਨੇ ਵੰਗਾਂ।
ਕਲੀਆਂ ਨੇ ਘੁੰਡ ਚਾਏ, ਵਾਰਾਂ ਤੇ ਵਾਰ ਹੋਇਆ-
ਤੇਰਾ ਦੀਦਾਰ ਹੋਇਆ-

ਅਜ ਭੜਕਣਾਂ ਦਿਲਾਂ ਦੀ, ਸਾਂਝਾ ਖ਼ਿਆਲ ਹੋਈ।
ਮਿਲਣੀ ਪ੍ਰੇਮੀਆਂ ਦੀ, ਜੀਵਨ ਭਿਆਲ ਹੋਈ।
ਸੋਚਾਂ ਨੂੰ ਸੋਚ ਮਿਲ ਕੇ, ਹਰ ਥਾਂ ਵਿਸ਼ਾਲ ਹੋਈ
ਦੀਵਾ ਹੈ ਕਾਫਲੇ ਲਈ, ਚਾਨਣ ਮੀਨਾਰ ਹੋਇਆ-
ਤੇਰਾ ਦੀਦਾਰ ਹੋਇਆ।

ਟੁੱਟੇ ਹੋਏ ਸਾਜ਼ ਜੁੜ ਗਏ, ਪੈਦਾ ਨੇ ਰਾਗ ਹੋਏ।
ਝੁਲਸੇ ਹੋਏ ਤੋਹਮਤਾਂ ਦੇ, ਚਿਹਰੇ ਬੇ-ਦਾਗ਼ ਹੋਏ।
ਹੱਥਾਂ ਦੀਆਂ ਲਕੀਰਾਂ, ਜਾਗੇ ਹੋਏ ਭਾਗ ਹੋਏ।
ਦੇਵਣ ਲਈ ਸੁਨੇਹੇ, ਪੈਦਾ ਆਸਾਰ ਹੋਇਆ-
ਤੇਰਾ ਦੀਦਾਰ ਹੋਇਆ।

-੫੮-