ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਚਾਟੜਿਆਂ ਦੀਆਂ ਅੱਖਾਂ ਗੋਚਰੇ ਕਰਨ ਭਈ ਇਸ ਦੋ-ਅੱਖਰੇ ਨਾਂਵੇ ਤੋਂ, ਜਿਸ ਨੂੰ ਉਨ੍ਹਾਂ ਇਤਨੀ ਉੱਚੀ ਪਦਵੀ ਦਿੱਤੀ ਹੈ, ਉਨ੍ਹਾ ਦਾ ਭਾਵ ਕੀ ਹੈ? ਇਸੇ ਪ੍ਰੇਮ ਦੇ ਬਦਲੇ ਪਿਤਾ, ਪੁਤਰ, ਮੁਕਦੀ ਗੱਲ ਸਰਬੰਸ ਵਾਰਨਾ ਉਨ੍ਹਾਂ ਇਕ ਖੱਬੇ ਹੱਥ ਦੀ ਖੇਡ ਸਮਝੀ। ਇਹ ਪ੍ਰੇਮ ਹੈ ਕਿ ਜਿਸ ਨੂੰ ਦਿਲ ਵਿਚ ਵਸਾ ਲਿਆ ਹੈ ਤਾਂ ਉਹ ਕਹਿ ਸਕਦਾ ਹੈ:
"ਕਹਾ ਭਯ ਜੋ ਦੋਊ ਲੋਚਨ ਮੂੰਦਕੈ ਬੈਠਿ ਰਹਿਓ ਬਕ ਧਿਆਨ ਲਗਾਯੋ। ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਿਯੋ ਪਰਲੋਕ ਗਵਾਯੋ। ਬਾਸ ਕੀਯੋ ਬਿਖਆਨ ਸੌ ਬੈਠ ਕੇ ਐਸੇ ਹੀ ਐਸ ਸੁ ਬੈਸ ਬਿਤਾਯੋ। ਸਾਚ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਯੋ ਤਿਨਹੀ ਪ੍ਰਭ ਪਾਯੋ"।
ਹੇ ਜੀਵ! ਇਸ ਜੀਵਣ ਦੇ ਹਾਲ ਤੂੰ ਕਈ ਵੇਰ ਅੱਗੇ ਸੁਣੇ ਹੋਏ ਹਨ, ਕਈ ਵੇਰ ਇਸ ਪ੍ਰੇਮ ਦਾ ਵਰਣਨ ਸੁਣ ਕੇ ਤੂੰ ਹੰਝੂ ਭੀ ਕੇਰੇ ਹੋਣੇ ਹਨ, ਪਰ ਹੰਝੂ ਕੇਰਨ ਦਾ ਕੀ ਲਾਹਾ ਜਦ ਉਸ ਪਿਆਲੇ ਵਿਚੋਂ ਅਜੇ ਬੂੰਦ ਭੀ ਨਸੀਬ ਨਹੀਂ ਹੋਈ? ਮੂੰਹ ਬਣਾਣ ਦਾ ਕੀ ਫਲ ਜਦ ਉਸ ਲਹਿਰ ਵਿਚ ਆਪੇ ਦਾ ਬੇੜਾ ਇਕ ਵਾਰੀ ਵੀ ਨਹੀਂ ਠੇਹਲਿਆ?

ਆ ਪਿਆਰੇ! ਅੱਜ ਫਿਰ ਅਵਸਰ ਹੈ। ਇਸ ਪੀਂਘ ਤੇ ਚੜ੍ਹ ਲੰਮਾ ਹੂਟਾ ਲੈ ਤਾਂ ਜੋ ਹਉਮੈ ਦਿਸਣੋਂ ਰਹਿ ਜਾਵੇ ਤੇ ਫਿਰ ਵੇਖ ਕੀ ਸਵਾਦ ਆਉਂਦਾ ਹੈ। ਉਲਟੇ ਪਾਸੇ ਨਾ ਚਲੀਂ, ਮਤਾਂ ਕੂੜੀ ਪੰਥ ਉੱਨਤੀ ਪਿਛੇ ਕਿਸੇ ਦਾ ਦਿਲ ਦੁਖਾ ਦੇਵੇਂ, ਮਤਾਂ ਕਿਸੇ ਦੇ ਸਾੜੇ ਸੜੇਂ। ਮਤਾਂ ਕਿਸੇ ਨੂੰ ਕਠੋਰ ਬਚਨ ਬੋਲੇਂ। ਅੱਜ ਪ੍ਰੇਮ ਦੇ ਉਸ ਅਵਤਾਰ ਨੂੰ ਯਾਦ ਕਰ, ਜਿਸ ਨੇ ਬਿਪਤਾ ਝੱਲਣਾ ਹੀ ਸੱਚੀ ਖੁਸੀ ਸਮਝਿਆ, ਆਪਾ ਵਾਰਨਾ ਹੀ ਸੱਚੀ ਪਾਤਿਸ਼ਾਹੀ।

੧੨੩