ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁਲ੍ਹੇ ਦਿਲ ਦਿਤੀ ਜਾਂਦੀ ਹੈ, ਸਰੀਰਾਂ ਨੂੰ ਖਿੜਾ ਰਹੀ ਹੈ, ਕਦੇ ਲੁਕਦੇ ਸੁਕਦੇ ਜੁਸਿਆਂ ਵਿਚ ਲਾਲ ਸੂਹੇ ਰੱਤ ਦੇ ਸੋਮੇ ਵਗਾ ਰਹੀ ਹੈ,ਬਾਲਾਂ ਨੂੰ ਗਭਰੂ, ਗਭਰੂਆਂ ਨੂੰ ਤਕੜੇ, ਸੁਤਿਆਂ ਦਿਲਾਂ ਵਿਚ ਉਲਾਸ ਉਮੰਗਾਂ ਤੇ ਉਡਾਰੀਆਂ ਭਰੀ ਜਾ ਰਹੀ ਹੈ। ਕਿਧਰੇ ਵਣਾਂ ਵਿਚ ਕੇਸੂਆਂ ਦੀ ਅਗ ਲਗ ਟੁਰੀ ਹੈ, ਕਿਧਰੇ ਪੀਲੂ ਚਟਾਕ ਰਹੇ ਹਨ,ਡੇਕਾਂ ਵਿਚ ਊਦੇ ਲੋਂਗਾਂ ਦੀ ਪਹਿਲ ਤੋਂ ਪਤੀਆਂ ਸ਼ਰਮਾ ਗਈਆਂ ਹਨ ਤੇ ਤੂਤਾਂ ਦੀਆਂ ਕਾਲ੍ਹੀਆਂ ਤੂਤੀਆਂ ਪਹਿਲੋਂ ਹੀ ਥਾਂ ਮੱਲ ਬੈਠੀਆਂ ਹਨ। ਬਾਗ਼ ਦਾ ਖਿੜਿਆ ਗੁਲਾਬ ਮਾਲੀ ਦੇ ਹਥ ਕੈਂਚੀ ਵੇਖ ਕੇ ਸੋਚੀ ਪੈ ਰਿਹਾ ਹੈ ਤੇ ਕੋਲ ਲੁਕੀ ਹੋਈ ਕਲੀ ਨਾਲੇ ਆਪਣੀ ਖਿੜ-ਖਿੜਾਹਟ ਨੂੰ ਘੁਟ ਰਹੀ ਹੈ ਨਾਲੇ ਉਸ ਨੂੰ ਪੁਛ ਰਹੀ ਹੈ: ਨਿਕਲਾਂ ਕਿ ਜ਼ਰਾ ਠਹਿਰ ਕੇ। ਅੰਬਾਂ ਦੇ ਬੂਰ ਬਹਾਰ ਨੂੰ ਉਡੀਕ ਉਡੀਕ ਕੇ ਥਕੇ ਜਾਪਦੇ ਹਨ, ਚਾਂਹਦੇ ਹਨ ਅੰਬੀਆਂ ਦਾ ਹਥ ਉਸ ਨੂੰ ਫੜਾ ਜਾਈਦੇ। ਗਲ ਕੀ ਘਰ ਘਰ ਬਹਾਰ ਦੇ ਚਰਚੇ ਹਨ ਤੇ ਅੰਗਣਾਂ ਵਿਚ ਅੱਲ੍ਹੜਾਂ ਨੂੰ ਬਹਾਰ ਲਈ ਹਾਰ ਪਰੋਣੇ ਸਿਖਾਏ ਜਾ ਰਹੇ ਹਨ। ਪੀਆ ਦੀਆਂ ਭੁਲੀਆਂ ਤਸਵੀਰਾਂ ਫੇਰ ਕਣਸਾਂ ਤੇ ਸਜਾਈਆਂ ਜਾ ਰਹੀਆਂ ਹਨ, ਚਿਠੀਆਂ ਦਾ ਫੇਰ ਜ਼ੋਰ ਪੈਣ ਵਾਲਾ ਹੈ। "ਘਰ ਆ ਜਾ" ਦੀ ਗੂੰਜ ਫੇਰ ਉਠਣ ਵਾਲੀ ਹੈ। ਛਾਤੀਆਂ ਨੇ ਫੇਰ ਧੜਕਣਾ ਆਰੰਭ ਦਿਤਾ ਹੈ, ਉਡੀਕਾਂ ਫੇਰ ਸ਼ੁਰੂ ਹੋਣ ਵਾਲੀਆਂ ਹਨ, ਬਨੇਰੇ ਦੇ ਕਾਉਂ ਫੇਰ ਬੋਲਣ ਲਗ ਪਏ ਹਨ। ਭੈੜੇ ਰਾਵਲ ਦੀਆਂ ਫੇਰੀਆਂ ਫੇਰ ਪੈਣ ਵਾਲੀਆਂ ਹਨ। ਅਮੜੀ ਨੂੰ ਸਵਾਲ ਪੈ ਰਹੇ ਹਨ, ਕਦ ਆਵਣਗੇ, ਤਿੰਞਣ ਕਦ ਲਗਣਗੇ, ਪੀਘਾਂ ਕਦ ਪੈਣਗੀਆਂ, ਮਹਿੰਦੀਆਂ ਕਦ ਲਗਣਗੀਆਂ, ਬਲਦੇ ਤੰਦੂਰਾਂ ਦੇ ਉਦਾਲੇ ਮੁੜ੍ਹਕੇ ਮੋਤੀਆਂ ਨਾਲ ਸਜੇ ਮੁਖੜੇ ਕਦ ਝੁਰਮਟ ਲਾਣਗੇ, ਗਿਧ ਕਦ ਪੈਣਗੇ ਤੇ

੧੪੩