ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਭਾਬੀ ਦੀ ਥਾਂ ਅੰਮਾਂ ਸਦਦਾ ਸੀ, ਉਹ ਜਾਣਦਾ ਸੀ ਉਸ ਦੀ ਭਾਬੀ ਵਿਧਵਾ ਹੈ। ਭਾਵੇਂ ਉਸ ਨੇ ਵਹੁਟੀ ਬਣਕੇ ਨਹੀਂ ਸੀ ਵੇਖਿਆ, ਉਹ ਉਸ ਨੂੰ ਅੰਮਾਂ ਸਦਦਾ ਸੀ, ਉਹ ਜਾਣਦਾ ਸੀ ਕਿ ਉਸ ਨੇ ਮਾਂ ਬਣ ਕੇ ਨਹੀਂ ਵੇਖਿਆ।

ਚਾਹ ਦਾ ਪਾਣੀ ਖੌਲ ਪਿਆ ਸੀ। ਉਸ ਨੇ ਨਿਕੀ ਚਾਹਦਾਨੀ ਵਿਚ ਚਾਹ ਦੀਆਂ ਪੱਤੀਆਂ ਪਾਈਆਂ। ਪਾਣੀ ਦੀ ਧਾਰ ਬੰਨ੍ਹਕੇ ਪਾਈ, ਪਾਣੀ ਚਿਟੇ ਤੋਂ ਲਾਲ ਕਾਲਾ ਹੋ ਗਿਆ। ਕੱਚ ਦੀ ਪਿਆਲੀ ਨੂੰ ਉਸ ਬੜਾ ਸੰਭਾਲਕੇ ਚੁਕਿਆ, ਥਾਲ ਵਿਚ ਚਾਹ, ਦੁਧ, ਖੰਡ, ਪਿਆਲੀ ਸਾਰਾ ਕੁਛ ਰਖ ਕੇ ਉਹ ਮਾਲਤੀ ਦੇ ਕਮਰੇ ਵਿਚ ਲੈ ਗਈ। ਪਲੰਘ ਉਤੇ ਲੰਮੀ ਪਈ ਹੋਈ ਮਾਲਤੀ ਦੇ ਕੋਲ ਵਾਰ ਨਿਕੀ ਮੇਜ਼ ਉਤੇ ਉਸ ਨੇ ਥਾਲੀ ਨੂੰ ਅਡੋਲ ਧਰ ਦਿਤਾ। ਉਹ ਇਹਨਾਂ ਕਚ ਦੀਆਂ ਚੀਜ਼ਾਂ ਤੋਂ ਬੜਾ ਡਰਦੀ ਸੀ, ਰਤਾ ਕੁ ਹੁਜਕਾ ਲਗਿਆਂ ਟੁਟ ਟੁਟ, ਪੈਂਦੀਆਂ ਸਨ। ਉਹ ਤਾਂ ਸਾਰੀ ਉਮਰ ਕੈਂਹ ਦੇ ਕਟੋਰੇ ਵਿਚ ਲੱਸੀ ਪੀਂਦੀ ਰਹੀ ਸੀ, ਤੇ ਚਾਹ ਉਹ ਹਮੇਸ਼ਾਂ ਪਿੱਤਲ ਦੇ ਗਲਾਸ ਵਿਚ ਪੀਂਦੀ ਹੁੰਦੀ ਸੀ। ਪਿਛਲੇ ਤਿੰਨਾਂ ਚਹੁ ਵਰ੍ਹਿਆਂ ਤੋਂ ਉਸ ਨੂੰ ਅੰਮਾਂ ਕਹਿਣ ਵਾਲੇ ਉਸ ਦੀ ਦਰਾਣੀ ਦੇ ਪੁਤਰ ਧੀਆਂ ਜਵਾਨ ਹੋ ਪਏ ਸਨ। ਕਾਲਜਾਂ ਵਿਚ ਪੜ੍ਹਨ ਲਗ ਪਏ ਸਨ। ਹੁਣ ਗਲਾਸਾਂ ਵਿਚ ਚਾਹ ਨਹੀਂ ਸਨ ਪੀਂਦੇ। ਉਹਨਾਂ ਨੇ ਅੰਮਾਂ ਨੂੰ ਕਿੰਨੇ ਦਿਨ ਲਾ ਕੇ ਵਲ ਦਸਿਆ ਸੀ ਕਿ ਚਾਹ ਦਾ ਪਾਣੀ ਉਹ ਚੀਨੀ ਦੇ ਐਸ ਭਾਂਡੇ ਵਿਚ ਪਾ ਕੇ ਦੇਵੇ ਕਰੇ ਤੇ ਦੁਧ ਐਸਾ ਭਾਂਡੇ ਵਿਚ। ਨਾਲੇ ਉਹਨਾਂ ਦਸਿਆ ਕਿ ਖੰਡ ਉਹ ਆਪਣੀ ਮਰਜ਼ੀ ਦੀ ਪਾ ਕੇ ਪੀਣ ਕਰਨਗੇ। ਜਿੰਨਾ ਚਿਰ ਉਹਦੇ ਹਥ ਵਿਚ ਸੀ, ਉਹ ਸਾਰਿਆਂ ਬਚਿਆਂ ਨੂੰ ਮਲਾਈ ਪਾ ਕੇ ਦੁਧ ਪਿਆਂਦੀ ਰਹੀ

੨੩੦