ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/251

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੰਡਾਰ ਤੇ ਇਹਦੇ ਵਿਸ਼ਿਆਂ ਦੇ ਘੇਰੇ- ਸਭੇ ਕਾਸੇ ਵਿਚ ਇਕ ਇਨਕਲਾਬੀ ਤਬਦੀਲੀ ਲਿਆਂਦੀ ਹੈ। ਇਸ ਵੇਲੇ ਇਹ ਪੰਜਾਬੀ ਵਿਚ ਵਾਰਤਕ ਦੇ ਚੋਟੀ ਦੇ ਲਿਖਾਰੀ ਗਿਣੇ ਜਾਂਦੇ ਹਨ। ਨਵੀਂ ਪੀੜ੍ਹੀ ਦੇ ਬਹੁਤ ਸਾਰੇ ਲਿਖਾਰੀਆਂ ਨੇ ਇਹਨਾਂ ਦੇ ਵਿਚਾਰ ਤੇ ਲਿਖਣ-ਢੰਗ ਦਾ ਅਸਰ ਲਿਆ ਹੈ। ਜ਼ਿੰਦਗੀ ਦੇ ਜਿੰਨੇ ਵਿਸ਼ਿਆਂ ਤੇ ਇਹਨਾਂ ਕਾਮਯਾਬੀ ਨਾਲ ਪੰਜਾਬੀ ਵਿਚ ਵਾਰਤਕ ਲਿਖੀ ਹੈ, ਓਨੀ ਹਾਲੀ ਕਿਸੇ ਹੋਰ ਪੰਜਾਬੀ ਲਿਖਾਰੀ ਨੇ ਨਹੀਂ ਲਿਖੀ।

ਇਹਨਾਂ ਦੀ ਵਾਰਤਕ ਆਮ ਬੋਲ ਚਾਲ ਦੇ ਬੜੇ ਨੇੜੇ ਹੁੰਦੀ ਹੈ। ਹਰ ਫ਼ਿਕਰੇ ਦੀ ਬਣਤ੍ਰ ਤੋਂ ਕਿਸੇ ਕਾਰੀਗਰ ਦੀ ਜੁਗਤ ਦਾ ਪਤਾ ਲਗਦਾ ਹੈ। ਅਨੇਕ ਵੰਨਗੀਆਂ ਦੀ ਤਾਲ ਹੈ, ਜਿਹੜੀ ਖ਼ਿਆਲ ਨਾਲ ਸਦਾ ਇਕਸਰ ਰਹਿੰਦੀ ਹੈ। ਲਫ਼ਜ਼ਾਂ ਦੀ ਚੋਣ ਵਿਚ ਬੜੀ ਥਾਈਂ ਕਰਾਮਾਤੀ ਅਸਰ ਹੈ। ਲਫ਼ਜ਼ਾਂ ਦੇ ਸੰਗੀਤਕ ਅਸਰ ਨੂੰ ਖ਼ੂਬ ਨਿਭਾਂਦੇ ਹਨ। ਅਲੰਕਾਰ ਵਰਤਦੇ ਹਨ, ਪਰ ਸਜਾਵਟ ਲਈ ਨਹੀਂ, ਪ੍ਰਗਟਾਵੇ ਵਿਚ ਚਾਨਣ ਕਰਨ ਲਈ:

"ਬਚਿਆਂ ਦੇ ਖਰ੍ਹਵਿਆਂ ਰਾਹਾਂ ਰਸਤਿਆਂ ਉਤੇ ਮਾਂ ਆਪਣੇ ਲਾਸਾਨੀ ਪਿਆਰ ਦੇ ਫੁਲ ਬੁੱਕਾਂ ਮੂਹੀਂ ਖਲਾਰਦੀ ਰਹਿੰਦੀ ਹੈ, ਇਹਨਾਂ ਫੁੱਲਾਂ ਨਾਲ ਪਧਰਾਏ ਅਡੋ ਖੋੜੇ ਰਸਤਿਆਂ ਉਤੋਂ ਬੱਚੇ ਬੇ-ਖੌਫ਼ ਲੰਘਦੇ ਰਹਿੰਦੇ ਹਨ, ਏਸ ਗਲੋਂ ਬਿਲਕੁਲ ਬੇ-ਪਤਾ ਕਿ ਕਿੰਨੀਆਂ ਮਚਕੋੜਾਂ ਤੋਂ ਇਹਨਾਂ ਫਲਾਂ ਦੀਆਂ ਮੋਟੀਆਂ ਤੈਹਾਂ ਨੇ ਓਹਨਾਂ ਨੂੰ ਬਚਾ ਕੇ ਰਖਿਆ ਹੈ।

੨੬੬