ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁੰਝਲਾਂ ਦੇ ਅਰਥ ਸਮਝਾ ਦੇਂਦਾ ਹੈ, ਇਹਦੇ ਨਿਕੇ ਤੋਂ ਨਿਕੇ ਪ੍ਰਮਾਣੂ ਦੀ ਅਨਿਖੜਵੀਂ ਏਕਤਾ ਦਰਸਾ ਦੇਂਦਾ ਹੈ। ਇਸ ਦਮਤਕਾਰੇ ਹੇਠਾਂ ਕੌਮਾਂ ਤੇ ਮੁਲਕਾਂ ਦੀਆਂ ਲਕੀਰਾਂ ਮਿਸ ਜਾਂਦੀਆਂ ਹਨ, ਤੇ ਸਾਡੀ ਨਿਕੀ ਜਿਹੀ ਸ਼ਖ਼ਸੀਅਤ ਨਿਜੀ ਤਸਲੀ ਦੇ ਬੰਧਨਾਂ ਤੋਂ ਸੁਤੰਤਰ ਹੋ ਕੇ ਕੁਦਰਤ ਦੇ ਪੁੰਨ ਪਾਪ, ਦੋਸਤੀ ਦਸ਼ਮਨੀ ਤੋਂ ਬੇ ਲਾਗ ਸਾਗਰ ਦੀ ਇਕ ਖੀਵੀ ਲਹਿਰ ਬਣ ਜਾਂਦੀ ਹੈ।

ਇਹ ਖੀਵੀ ਲਹਿਰ ਜੀਵਨ ਸਾਗਰ ਦੀ ਹਿਕ ਉਤੇ ਵਿਛ ਵਿਛ ਕੰਢਿਆਂ ਤੋਂ ਟਪਦੀ, ਦੋਸਤ ਦੁਸ਼ਮਨ ਸਭ ਦੇ ਪੈਰ ਆਪਣੇ ਦਿਲ ਦੀ ਦੌਲਤ ਨਾਲ ਧੋਂਦੀ, ਬੇ-ਵਿਤਕਰਾ ਹਸਦੀ ਤੇ ਜੱਫੀਆਂ ਪਾਂਦੀ ਚੜ੍ਹੀ ਜਾਂਦੀ ਹੈ।

ਪਿਆਰ ਕੋਈ ਦਿਲ ਪਰਚਾਵਾ ਨਹੀਂ, ਹੁਸਨ ਉਤੇ ਮਾਲਕਾਨਾ ਦਾਅਵਾ ਨਹੀਂ। ਇਹ ਕੋਈ ਬੇ-ਅਟਕ ਐਸ਼ ਨਹੀਂ, ਸਵਰਗਾਂ ਦੀ ਸਦੀਵੀ ਰਿਹਾਇਸ਼ ਨਹੀਂ। ਖਿਨ ਭਰ ਲਈ ਮਨੁਖੀ ਦਿਲ ਵਿਚ ਉਸ ਤਾਕਤ ਦਾ ਚਮਤਕਾਰਾ ਹੈ, ਜਿਹੜੀ ਸਿਤਾਰਿਆਂ ਨੂੰ ਭੁਆਂਦੀ, ਧਰਤੀਆਂ ਉਤੇ ਜੀਵਨ ਧੜਕਾਂਦੀ ਹੈ, ਜਿਦ੍ਹਾ ਦਿਲ ਤ੍ਰੇਲ ਤੁਪਕਿਆਂ ਵਾਂਗ ਨੇਕੀ ਬਦੀ ਤੋਂ ਮਾਸੂਮ ਹੈ, ਕਿਰਨਾਂ ਵਾਂਗ ਖਿੜਦਾ ਤੇ ਨਦੀਆਂ ਵਾਗ ਨਚਦਾ ਹੈ।

ਪਿਆਰ ਮਨੁਖਾ ਜ਼ਿੰਦਗੀ ਦੀ ਅੰਤਰ-ਯਾਮਤਾ ਹੈ। ਜਿਹਨਾਂ ਡੂੰਘਾਈਆਂ ਤਕ ਅਕਲ ਤੇ ਦਲੀਲ ਪਹੁੰਚ ਨਹੀਂ ਸਕਦੀਆਂ, ਉਹਨਾਂ ਨੂੰ ਇਹ ਇਕੋ ਤਕਣੀ ਨਾਲ ਰੌਸ਼ਨ ਕਰ ਦੇਂਦਾ ਹੈ। ਕੁਝ ਭੀ ਇਹਦੀ ਤਕਣੀ ਸਾਹਮਣੇ ਗੁੱਝਾ ਤੇ ਗੂਹੜ ਨਹੀਂ ਰਹਿ ਜਾਂਦਾ: ਤ੍ਰੇਲ ਤੁਪਕਿਆਂ ਦਾ ਦਿਲ ਸਰਲ ਹੈ, ਬਿਜਲੀ ਦੇ ਗੜ੍ਹਕਦੇ ਦਿਲ ਵਿਚ ਦੋ ਸਿਰਿਆਂ ਦੀ ਮਿਲਨੀ ਦੇ ਖੇੜੇ ਤੋਂ ਛੁਟ

੮੩