ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸਾਰੂ ਪ੍ਰੇਰਨਾ——ਸੁਕੇ ਟੁੰਡਾਂ ਵਿਚੋਂ ਸ਼ਗੂਫ਼ਿਆਂ ਦੀ ਸਰ ਸਰ —— ਏਸ ਮਹਾਨ ਪਿਆਰ ਦੀ ਪਰਤਖ ਨਿਸ਼ਾਨੀ ਹੈ। ਇਹਦੀ ਛੁਹ ਲਗਦਿਆਂ ਹੀ ਪ੍ਰੇਮੀ ਤੇ ਪ੍ਰੇਮਕਾ ਦੇ ਅੰਦਰ ਕੋਈ ਇਨਕਲਾਬ ਹੜ ਪੈਂਦਾ ਹੈ: ਬੁਧ ਬ੍ਰੀਕ ਹੋ ਜਾਂਦੀ ਹੈ, ਨਕਸ਼ ਪਤਲੇ ਤੋਂ ਉਜਿਆਰੇ ਹੋ ਜਾਂਦੇ ਹਨ, ਜੀਅ ਸਦਕੇ ਹੋਣ ਨੂੰ ਕਰਦਾ ਹੈ, ਸਿਰਫ਼ ਪਿਆਰੇ ਉਤੋਂ ਹੀ ਨਹੀਂ, ਹਰ ਕਿਸੇ ਉਤੋਂ। ਸਾਰੀ ਕਾਇਨਾਤ ਚੁੰਮਣ-ਯੋਗ ਹੋ ਜਾਂਦੀ ਹੈ।

ਪਿਆਰ ਦੀ ਦੂਜੀ ਨਿਸ਼ਾਨੀ ਇਹ ਹੈ, ਕਿ ਇਹ ਕਿਸੇ ਨੂੰ ਦੁਖਾ ਨਹੀਂ ਸਕਦਾ; ਇਹ ਹਕ ਛਡ ਸਕਦਾ ਹੈ, ਹਕ ਜਮਾਂਦਾ ਨਹੀਂ। ਸਾਰੀ ਉਮਰ ਦੁਖਾਂ ਵਿਚ ਬਿਤਾ ਸਕਦਾ ਹੈ, ਮਜਨੂੰ ਹੋ ਸਕਦਾ ਹੈ, ਪਰ ਕਿਸੇ ਦੂਜੇ ਜਾਂ ਆਪਣੀ ਪ੍ਰੇਮਕਾ ਦੇ ਦੁਖ ਦਾ ਕਾਰਨ ਨਹੀਂ ਬਣਦਾ। ਇਹਦੇ ਵਿਚ ਈਰਖਾ ਨਹੀਂ ਹੁੰਦੀ —— ਜਿਨਾਂ ਚਿਰ ਇਹਦਾ ਦਿਲ ਆਪਣੇ ਪਿਆਰੇ ਨਾਲ ਜੁੜਿਆ ਤੇ ਦੋਹਾਂ ਦਿਲਾਂ ਵਿਚ ਪਿਆਰ-ਸ਼ਮਾਂ ਬਲਦੀਆਂ ਹਨ, ਇਹਨੂੰ ਕੋਈ ਤੌਖਲਾ ਨਹੀਂ ਹੋ ਸਕਦਾ —— ਤੇ ਜਦੋਂ ਸ਼ਮਾਂ ਬੁਝ ਗਈ, ਓਦੋ ਇਹ ਆਪਣਾ ਕੋਈ ਹਕ ਨਹੀਂ ਸਮਝਦਾ।

ਨਾ ਪਿਆਰ, ਜਿਸ ਤਰ੍ਹਾਂ ਲੋਕ ਆਖਦੇ ਹਨ, ਝੱਲਾ ਹੀ ਹੁੰਦਾ ਹੈ। ਇਹਦੇ ਕਾਬੂ ਨਾਲ ਕੋਈ ਕਾਬੂ ਮਿਲ ਨਹੀਂ ਸਕਦਾ। ਇਹ ਆਪਣੇ ਤਿਹਾਏ ਪਾਟਦੇ ਬੁਲਾਂ ਨੂੰ ਅੰਮ੍ਰਿਤ ਕਟੋਰੇ ਵਿਚ ਡੋਬ ਕੇ ਭੀ ਮੀਟੇ ਰਖ ਸਕਦਾ ਹੈ। ਇਹਦੀ ਮਰਿਆਦਾ ਦੀ ਕੋਈ ਹੱਦ ਨਹੀਂ, ਇਹਦੇ ਸਬਰ ਦਾ ਕੋਈ ਸਿਰਾ ਨਹੀਂ। ਇਹ ਆਪਣੇ ਦੁਖਾਂ ਵਿਚੋਂ ਸੁਖਾਵੀਂ ਕਵਿਤਾ ਕਢ ਸਕਦਾ ਹੈ, ਆਪਣੀਆਂ ਉਦਾਸੀਆਂ ਵਿਚੋਂ ਦੁਨੀਆਂ ਦੀ ਉਦਾਸੀ ਦੂਰ ਕਰਨ ਵਾਲੇ ਤ੍ਰਾਨੇ ਗੌਂ ਸਕਦਾ ਹੈ। ਦੁਨੀਆਂ ਦਾ ਬਹੁਤ ਸਾਰਾ ਕੋਮਲ ਹੁਨਰ ਇਹਦੀਆਂ ਹਸਰਤਾਂ, ਇਹਦੇ ਅਰਮਾਨਾਂ ਦੇ ਤਾਣੇ ਪੇਟੇ ਵਿਚ

੮੬ ੳ