ਪੰਨਾ:ਚੰਦ ਤਾਰੇ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਨੀਤੀ ਨੂੰ ਤਜ ਕੇ ਬੈਠੇ ਸਨ ਰਾਣੇ,
ਨਿਸਦਿਨ ਸੀ ਕਾਰੇ ਚਲਦੇ ਮਨਮਾਨੇ।
ਮਾਰੇ ਸਨ ਜਾਂਦੇ ਫੜ ਫੜ ਕੇ ਸਿਆਣੇ,
ਗਲੀਆਂ ਵਿਚ ਰੋਂਦੇ ਮਸੂਮ ਅਨਜਾਨੇ।
ਹਮਸਾਏ ਦਾ ਬਣਿਆ ਦੁਸ਼ਮਣ ਹਮਸਾਇਆ,
ਤਦ ਤ੍ਰਿਪਤਾ ਦੀ ਗੋਦੀ ਵਿਚ ਨਾਨਕ ਆਇਆ।

ਕੋਈ ਅਸਲ ਜਨੇਊ ਗਲ ਵਿਚ ਨਾ ਪਾਵੇ,
ਕੋਈ ਮਨ ਦੀ ਮਾਲਾ ਨਾ ਫੇਰ ਦਿਖਾਵੇ।
ਕੋਈ ਨਿਯਮ ਦਾ ਟਿੱਕਾ ਨਾ ਮੱਥੇ ਲਾਵੇ,
ਕੋਈ ਹਵਨ ਅਮਨ ਦਾ ਨਾ ਕਰਕੇ ਦਿਖਾਵੇ।
ਪੈ ਗਿਆ ਸੀ ਸਭ ਤੇ ਦੁਸ਼ਟਾਂ ਦਾ ਸਾਇਆ,
ਤਦ ਧਰਮ ਦਾ ਰਾਖਾ ਗੁਰੂ ਨਾਨਕ ਆਇਆ।

ਭੁਲੀ ਹੋਈ ਦੁਨੀਆਂ ਜਿਸ ਰਾਹੇ ਪਾਈ,
ਰੁੜ੍ਹਦੀ ਸੀ ਬੇੜੀ ਜਿਸ ਬੰਨੇ ਲਾਈ।
ਅੰਧੇਰੇ ਦੇ ਅੰਦਰ ਜਿਸ ਜੋਤ ਜਗਾਈ,
'ਹਿੰਦੀ' ਧਰਤੀ ਦੀ ਜਿਸ ਆਸ ਪੁਜਾਈ।
ਅਤੇ ਧਰਮ ਦਾ ਜਿਸ ਆਨ ਝੰਡਾ ਝੁਲਾਇਆ,
ਉਹ ਕਲਜੁਗ ਅੰਦਰ ਇਕੋ ਨਾਨਕ ਸੀ ਆਇਆ।

-੧੦-