ਪੰਨਾ:ਚੰਦ ਤਾਰੇ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੈ ਗਈਆਂ ਸੀ ਜੱਗ ਨੂੰ ਜਦ ਵਾਦੀਆਂ ਬੁਰੀਆਂ,
ਲੋਕ ਦਖਾਵੇ ਦੀਆਂ ਤੋਰਾਂ ਤੁਰੀਆਂ।
ਦੁਸ਼ਟਾਂ ਦੇ ਦਿਲ ਵਿਚ ਮਨ ਮਾਣੀਆਂ ਛੁਰੀਆਂ,
ਜਦ ਗਊਆਂ ਦੇ ਗਲੇ ਤੇ ਚਲ ਪਈਆਂ ਛੁਰੀਆਂ।
ਜਦ ਇਕ ਨੇ ਦੂਜੇ ਦੇ ਦਿਲ ਨੂੰ ਸਤਾਇਆ,
ਤਦ ਪਿਆਰਾ ਸਤਗੁਰੂ ਓਹ ਨਾਨਕ ਆਇਆ।

ਜਦ ਬ੍ਰਾਹਮਣ ਕੁਲ ਨੇ ਮਰਯਾਦਾ ਵਿਸਾਰੀ,
ਪੀਰਾਂ ਤੋਂ ਲਾਹ ਕੇ ਸ਼ੂਦਰ ਨੂੰ ਮਾਰੀ।
ਅਤੇ ਪੈਦਾ ਹੋ ਗਏ ਖਤਰੀ ਹੰਕਾਰੀ,
ਪੈਰਾਂ ਦੀ ਜੁਤੀ ਸਮ ਜਾਨੀ ਨਾਰੀ।
ਜਦ ਵੇਦਾਂ ਦਾ ਉਲਟਾ ਸੀ ਅਰਥ ਲਗਾਇਆ,
ਤਦ ਵਦੀ ਕੁਲ ਵਿਚ ਗੁਰੂ ਨਾਨਕ ਆਇਆ।

ਜਦ ਹਿੰਦੂ ਤੇ ਮੁਸਲਮ ਆਪੋ ਵਿਚ ਝਗੜੇ,
ਲਗੇ ਜ਼ੁਲਮ ਕਮਾਵਣ ਕਮਜ਼ੋਰਾਂ ਤੇ ਤਗੜੇ।
ਜਿਸ ਵੇਲੇ ਲਗੇ ਸੀ ਛੂ-ਛਾ ਦੇ ਰਗੜੇ,
ਨਾ ਰੁੜ੍ਹਦਿਆਂ ਵਾਲਾ ਕੋਈ ਬਾਜ਼ੂ ਪਕੜੇ।
ਜਦ ਘੁਮਣ ਘੇਰਾਂ ਬੇੜੇ ਨੂੰ ਫਸਾਇਆ,
ਤਦ ਗੁਰੂ ਨਾਨਕ ਇਸ ਜਗ ਤੇ ਆਇਆ।

ਜਦ ਵਿਧਵਾ ਨੂੰ ਕੋਈ ਧਰਵਾਸ ਨਹੀਂ ਸੀ,
ਅਤੇ ਕੌਮ ਨੂੰ ਉਸ ਦਾ ਕੋਈ ਪਾਸ ਨਹੀਂ ਸੀ।
ਜਦ ਧਰਮੀਆਂ ਉਤੇ ਵਿਸ਼ਵਾਸ ਨਹੀਂ ਸੀ,
ਬਿਨ ਦੁਖ ਭੋਗਣ ਦੇ ਕੋਈ ਆਸ ਨਹੀਂ ਸੀ।
ਇਕ ਬੋਟ ਜੇਹੇ ਨੂੰ ਸੀ ਡੋਲੀ ਛੁੜਾਇਆ,
ਤਿਸ ਵੇਲੇ ਦਾਤਾ ਬਣ ਨਾਨਕ ਆਇਆ।

-੯-