ਪੰਨਾ:ਚੰਦ ਤਾਰੇ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਖੇ ਦੂਰ ਦਲਿਦਰ ਤੇ ਆਲਸਾਂ ਨੂੰ,
ਕਛ ਮਾਰ ਕਛਾਂ ਰਖੇ ਆਣ ਤੇਰੀ।
ਡੰਝ ਵੈਰੀਆਂ ਦੇ ਲਹੂਆਂ ਨਾਲ ਲਾਹੇ,
ਢਾਕੇ ਪਲਮਦੀ ਨੂਰੀ ਕ੍ਰਿਪਾਨ ਤੇਰੀ।
ਕਾਮ, ਕ੍ਰੋਧ ਤੇ ਲੋਭ, ਹੰਕਾਰ ਮੋਹ ਦੇ,
ਪੰਜੇ ਪੰਜਿਓਂ ਜਾਨ ਬਚਾਣ ਤੇਰੀ,
ਲੈ ਕੇ ਨਿਮ੍ਰਤਾ, ਸ਼ੀਲਤਾ, ਸਹਿਨ ਸ਼ਕਤੀ,
ਗੁੜ੍ਹਤੀ ਦਿੱਤੀ ਏ ਕਿਸੇ ਲੁਕਮਾਨ ਤੇਰੀ,
ਸੂਰਮਗਤੀ ਦੀ ਮਾਰ ਕੇ ਫੂਕ ਕੰਨੀਂ,
ਠੋਕੀ ਪਿੱਠ ਹੈ ਬੜੇ ਬਲਵਾਨ ਤੇਰੀ।
ਟਲਦੇ ਨਹੀਂ ਵਿਧਾਤਾ ਦੇ ਲੇਖ ਵਾਂਗਰ,
ਐਸੇ ਮਾਰਦੀ ਤੀਰ ਕਮਾਨ ਤੇਰੀ।

ਜਦੋਂ ਜ਼ੁਲਮ ਦਾ ਘੁਪ ਹਨੇਰ ਛਾਇਆ,
ਲੋੜ ਪਈ ਸੀ ਦੇਸ ਨੂੰ ਆਣ ਤੇਰੀ।
ਗੁਰੂ ਨਾਨਕ ਨੇ ਆਨ ਗਿਆਨ ਦੇ ਦੇ,
ਰੱਖੀ ਪਤ ਸੀ ਨਾਲ ਧਿਆਨ ਤੇਰੀ।
ਤਤੇ ਤਵਿਆਂ ਤੇ ਬਹਿ ਬਹਿ ਗੁਰੂ ਅਰਜਨ,
ਦੇਗੀਂ ਰਿਝ ਰਿਝ ਨੀਂਹ ਪਕਾਣ ਤੇਰੀ।
ਸੀਸ ਪਿਤਾ ਦਾ ਜਿਗਰ ਦੇ ਚਿਨ੍ਹ ਟੁਕੜੇ,
ਕੰਧ ਪਿਤਾ ਦਸਮੇਸ਼ ਬਨਾਣ ਤੇਰੀ।
ਛਾਤੀ ਆਪਣੀ ਬਾਲੇ ਛਤੀਰ ਕਰ ਕਰ,
ਹੱਸ ਹੱਸ ਕੇ ਛਤ ਛਤਾਣ ਤੇਰੀ।
ਫੇਰ ਆਪਣੇ ਲਹੂ ਦੀ ਫੇਰ ਕੂਚੀ,
ਲਿੰਬ ਪੋਚ ਅਟਾਰੀ ਸਜਾਣ ਤੇਰੀ।

-੩੩-