ਪੰਨਾ:ਚੰਦ ਤਾਰੇ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਲ ਮਿਲਾਪ


ਹਿੰਦੂ, ਮੁਸਲਮ, ਸਿਖ ਜੇ ਤਿੰਨੇ,
ਰਲ ਮਿਲ ਰਹੀਏ ਬਹੀਏ।
ਫਿਰ ਮਜਾਲ ਕਿਸੇ ਦੀ ਕਾਹਦੀ,
ਘੂਰੀਆਂ ਕਾਹਨੂੰ ਸਹੀਏ।

ਫਿਰ ਇਹ ਝਗੜਾ ਵੰਡੀਆਂ ਵਾਲਾ,
ਮੁੜ ਕੇ ਕਦੇ ਨਾ ਉਠੇ।
ਤਿੰਨੇ ਜੇਕਰ ਦੂਈ ਗਵਾਈਏ,
ਕੌਣ ਕਿਸੇ ਨੂੰ ਮੁਠੇ।

ਨਾ ਫਿਰ ਦੇਖ ਕੇ ਫਲੀਆਂ ਲੜੀਏ,
ਨਾ ਹੇਰੀ ਨਾ ਫੇਰੀ।
ਜੋ ਤੇਰੀ ਸੋ ਮੇਰੀ ਮਰਜ਼ੀ,
ਜੋ ਮੇਰੀ ਸੋ ਤੇਰੀ।

ਗੰਗਾ, ਜਮਨਾ, ਸਰਸਵਤੀ ਤਿੰਨੇ,
ਜਿਸ ਦੱਮ ਇਕੋ ਹੋਈਆਂ।
ਮਿਲਿਆ ਰਾਜ ਪਰਾਗ ਨੂੰ ਆ ਕੇ,
ਜਦੋਂ ਦਵੈਤਾ ਮੋਈਆਂ।

-੯੯-