ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 158 )

ਜਦ ਰਾਮਦਾਸ ਤਿੰਨ ਕੋਹ ਤੁਰ ਗਿਆ ਤਾਂ ਸੂਰਜ ਚੜ੍ਹ ਪਿਆ ਸੀ, ਉਹ ਸੜਕ ਦੇ ਇਕ ਪਾਸੇ ਹੋਕੇ ਬੈਠ ਗਿਆ ਤੇ ਆਪਣਾ ਬੁਚਕਾ ਖੋਲ੍ਹਕੇ ਉਸ ਨੇ ਰੁਪਏ ਗਿਣੇ। ੧00) ਰੁਪਏ ਘਰੋਂ ਲੈਕੇ ਤੁਰਿਆ ਸੀ, ਪਰ ਹੁਣ ਕੇਵਲ ੧੧) ਰੁਪਏ ਬਾਕੀ ਸਨ। ਉਸ ਨੇ ਸੋਚਿਆ ਮੈਂ ੧੧) ਰੁਪਇਆਂ ਨਾਲ ਗੰਗਾ ਜੀ ਪਹੁੰਚ ਹੀ ਨਹੀਂ ਸਕਦਾ, ਮੁੜਕੇ ਔਣਾ ਤਾਂ ਇਕ ਪਾਸੇ ਰਿਹਾ। ਜੇ ਮੈਂ ਮੰਗ ਪਿੰਨਕੇ ਯਾਤ੍ਰਾ ਕਰਾਂ ਤਾਂ ਇਹ ਪਾਪ ਹੈ। ਮੇਰਾ ਮਿਤਰ ਸ਼ਾਮਦਾਸ ਉਥੇ ਪਹੁੰਚ ਜਾਵੇਗਾ ਅਤੇ ਗੰਗਾ ਮਾਈ ਵਿਚ ਇਕ ਟੁਬੀ ਮੇਰੇ ਨਾਮ ਦੀ ਭੀ ਲਾ ਦੇਵੇਗਾ। ਮੇਰੇ ਪਾਸੋਂ ਇਸ ਜਨਮ ਵਿਚ ਤਾਂ ਸੁਖਨਾ ਪੂਰੀ ਹੁੰਦੀ ਦਿਸਦੀ ਨਹੀਂ। ਅੱਛਾ ! ਮੋਰ ਮੁਕਟ ਵਾਲਾ ਬਖਸ਼ੇਗਾ, ਜਿਸ ਦੀ ਬਖਸ਼ਿਸ਼ ਅਤੇ ਮੇਰੇ ਔਗਣ ਅਗਿਣਤ ਹਨ।

ਇਹ ਸੋਚਕੇ ਰਾਮਦਾਸ ਉਠਿਆ ਤੇ ਪਿਛਾਂਹ ਮੁੜ ਪਿਆ, ਪਰ ਉਸ ਪਿੰਡ ਵਿਚੋਂ ਲੰਘਣ ਦੀ ਉਸਦੀ ਮਰਜ਼ੀ ਉੱਕੀ ਨਹੀਂ ਸੀ, ਇਸ ਵਾਸਤੇ ਦੋ ਤਿੰਨ ਕੋਹਾਂ ਦਾ ਵਲਾ ਪਾਕੇ ਉਹ ਫੇਰ ਆਪਣੇ ਰਸਤੇ ਤੇ ਆ ਚੜ੍ਹਿਆ। ਜਾਂਦਿਆਂ ਤਾਂ ਉਸ ਨੂੰ ਪੈਂਡਾ ਬਹੁਤ ਮਾਲੂਮ ਹੁੰਦਾ ਸੀ, ਪਰ ਹੁਣ ਮੁੜਨ ਪਰ ਬੜੀ ਤੇਜ਼ੀ ਨਾਲ ਤੁਰਦਾ ਆਇਆ ਅਤੇ ਦਿਨ ਵਿਚ ਤੀਹ ਪੈਂਤੀ ਕੋਹ ਕਰ ਲੈਂਦਾ ਰਿਹਾ।