ਪੰਨਾ:ਚੰਬੇ ਦੀਆਂ ਕਲੀਆਂ.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੫ )

ਮੋਰਾ ਕਿਸਨੇ ਕੀਤਾ?"

ਰਘਬੀਰ ਸਿੰਘ ਨੇ ਰਹੀਮੇ ਵੱਲ ਐਵੇਂ ਵੇਖਿਆ ਤੇ ਫਿਰ ਦਿਲ ਕਰੜਾ ਕਰਕੇ ਆਖਿਆ:'ਹਜ਼ੂਰ! ਮੈਂ ਨਹੀਂ ਦਸ ਸਕਦਾ। ਰੱਬ ਦਾ ਹੁਕਮ ਦਸਣ ਲਈ ਮੈਨੂੰ ਨਹੀਂ, ਮੈਂ ਨਹੀਂ ਦਸ ਸਕਦਾ। ਜੋ ਤੁਹਾਡੀ ਇਛਾ ਹੋਵੇ, ਮੇਰੇ ਨਾਲ ਕਰ ਲਵੋ; ਮੈਂ ਤੁਸਾਡੇ ਵੱਸ ਵਿੱਚ ਹਾਂ।" ਦਰੋਗੇ ਨੇ ਬਹੁਤ ਯਤਨ ਕੀਤਾ, ਪਰ ਰਘਬੀਰ ਸਿੰਘ ਇਸਤੋਂ ਇਕ ਅਖਰ ਵਧ ਨਾ ਬੋਲਿਆ, ਤੇ ਇਸ ਪ੍ਰਕਾਰ ਪਤਾ ਨਾ ਲਗਾ ਕਿ ਮੋਰਾ ਕਿਸਨੇ ਕੀਤਾ ਹੈ?

ਦੂਜੀ ਰਾਤ ਜਦੋਂ ਰਘਬੀਰ ਸਿੰਘ ਆਪਣੀ ਥਾਂ ਤੇ ਸੁੱਤਾ ਪਿਆ ਸੀ, ਉਸ ਨੂੰ ਕਿਸੇ ਦਾ ਆਪਣੀ ਪੈਂਦ ਵਲ ਆਕੇ ਬੈਠਣ ਦਾ ਖੜਾਕ ਹੋਇਆ।

ਹਨੇਰੇ ਵਿਚ ਉਸ ਨੇ ਝਾਕਿਆ ਤਾਂ ਵੇਖਿਆ ਕਿ ਇਹ ਤਾਂ ਰਹੀਮਾਂ ਹੈ। ਪੁਛਣ ਲੱਗਾ:-

"ਤੂੰ ਇਥੇ ਕੀ ਪਿਆ ਕਰਦਾ ਹੈਂ, ਤੈਨੂੰ ਮੇਰੇ ਨਾਲ ਕੀ ਕੰਮ ਹੈ?"

ਰਹੀਮ ਚੁਪ ਰਿਹਾ। ਰਘਬੀਰ ਸਿੰਘ ਉਠ ਬੈਠਾ ਤੇ ਆਖਣ ਲੱਗਾ 'ਦਸ ਤੈਨੂੰ ਕੰਮ ਕੀ ਹੈ? ਤੂੰ ਇਥੋਂ ਟੁਰ ਜਾਹ, ਨਹੀਂ ਤਾਂ ਮੈਂ ਪਹਿਰੇਦਾਰ ਨੂੰ ਸਦਾਂਗਾ।'

ਰਹੀਮਾ ਹੁਣ ਰਘਬੀਰ ਸਿੰਘ ਦੋ ਹੋਰ ਨੇੜੇ ਹੋਇਆ ਤੇ ਹੌਲੀ ਜਿਹੀ ਆਖਣ ਲਗਾ:-

'ਰਘਬੀਰ ਸਿੰਘ ਜੀ! ਮੈਨੂੰ ਬਖ਼ਸ਼ ਲਓ।'

ਰਘਬੀਰ ਸਿੰਘ ਬੋਲਿਆ: 'ਮੈਥੋਂ ਤੂੰ ਕੀ ਬਖਸ਼ਾਉਂਦਾ ਹੈਂ?'