ਪੰਨਾ:ਚੰਬੇ ਦੀਆਂ ਕਲੀਆਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭ )

ਤਰਸ ਹੀ ਕਰਦੇ ਹੋ। ਤੁਸੀਂ ਅੱਜ ਮੇਰਾ ਨਾਮ ਨਹੀਂ ਲਿਆ। ਰੱਬ ਦੇ ਵਾਸਤੇ ਮੈਨੂੰ ਖਿਮਾਂ ਕਰੋ, ਭਾਵੇਂ ਮੈਂ ਬੜਾ ਹਤਿਆਰਾ ਪਾਪੀ ਹਾਂ, ਮੈਨੂੰ ਬਖਸ਼ ਦਿਓ।"

ਇਹ ਆਖਕੇ ਰਹੀਮਾ ਰੋਣ ਲੱਗ ਪਿਆ।

ਰਘਬੀਰ ਸਿੰਘ ਨੇ ਜਦੋਂ ਰਹੀਮੇ ਨੂੰ ਰੋਂਦਿਆਂ ਵੇਖਿਆ ਉਸਦੇ ਅੱਥਰੂ ਭੀ ਫੁਟ ਕੇ ਵਹਿ ਤੁਰੇ ਤੇ ਬੋਲਿਆ-" ਮਿੱਤਰਾ, ਰੱਬ ਹੀ ਮਾਫ ਕਰਨ ਹਾਰਾ ਹੈ, ਕੀ ਪਤਾ ਮੈਂ ਤੇਰੇ ਨਾਲੋਂ ਕਈ ਸੈਂਕੜੇ ਹਿਸੇ ਵਧੀਕ ਪਾਪੀ ਹਾਂ।"

ਅਚਨਚੇਤ ਹੀ ਹੁਣ ਰਘਬੀਰ ਸਿੰਘ ਦੇ ਮਨ ਵਿਚ ਸ਼ਾਂਤੀ ਆ ਗਈ। ਉਸਨੇ ਘਰ ਬਾਰ ਲਈ ਹੁਣ ਅਫਸੋਸ ਕਰਨਾ ਤਿਆਗ ਦਿਤਾ। ਜੇਹਲ ਵਿਚੋਂ ਬਾਹਰ ਜਾਣ ਦੀ ਕੋਈ ਇਛਾ ਨ ਰਹੀ ਅਰ ਹੁਣ ਕਰਤਾਰ ਦੀ ਯਾਦ ਵਿੱਚ ਹੀ ਲਗ ਪਿਆ।

ਰਹੀਮੇ ਨੇ ਰਘਬੀਰ ਸਿੰਘ ਦੀ ਗਲ ਨੂੰ ਨਾ ਹੀ ਮਨਿਆਂ ਤੇ ਦੂਜੇ ਦਿਨ ਆਪਣਾਂ ਕੀਤਾ ਕਤਲ ਅਫਸਰਾਂ ਪਾਸ ਜਾ ਦਸਿਆ। ਜਦ ਏਹ ਗਲ ਵਡੇ ਅਫਸਰਾਂ ਪਾਸ ਗਈ ਤਾਂ ਰਘਬੀਰ ਸਿੰਘ ਦੀ ਰਿਹਾਈ ਦਾ ਹੁਕਮ ਹੋ ਗਿਆ।

ਪਹਿਰੇਦਾਰ ਅਰ ਜੇਹਲ ਦੇ ਅਫਸਰ ਜਦ ਉਸਨੂੰ ਆਜ਼ਾਦ ਕਰਨ ਆਏ, ਉਹ ਪਹਿਲਾਂ ਹੀ ਆਜ਼ਾਦ ਹੋ ਚੁਕਾ ਸੀ! ਸੁਆਦਲਾ ਬਦਲਾ ਲੈਕੇ ਇਹ ਪੰਛੀ ਅਕਾਲ ਪੁਰਖ ਦੇ ਦਸ ਨੂੰ ਉਡ ਗਿਆ ਸੀ।