( ੬੭ )
ਲੜਾਈ ਵਿਚ ਰੁਝੀਆਂ ਹੋਈਆਂ ਸਨ, ਮਾਇਆ ਆਪਣੇ ਝੱਗੇ ਤੋਂ ਚਿਕੜ ਪੂੰਝਕੇ ਮੁੜ ਪਾਣੀ ਦੇ ਲਾਗੇ ਗਈ ਤੇ ਇਕ ਲੜਕੀ ਨਾਲ ਪਾਣੀ ਦੇ ਚੁਫੇਰੇ ਵਾਲੇ ਚਿਕੜ ਨੂੰ ਇਕ ਪਾਸੋਂ ਹਟਾਕੇ ਨਾਲੀ ਬਨਾਣ ਲਗੀ, ਤਾਂ ਜੋ ਪਾਣੀ ਗਲੀ ਵਿਚੋਂ ਵੈਹ ਟੁਰੇ। ਛੇਤੀ ਨਾਲ ਨਾਮੋ ਵੀ ਉਸ ਦੇ ਨਾਲ ਆ ਰਲੀ, ਅਤੇ ਇਕ ਤ੍ਰਿਖੀ ਲਕੜੀ ਚੁਕਕੇ ਵਹਿਣੀ ਬਨਾਣ ਲਗੀ। ਜਦ ਪਾਣੀ ਇਸ ਵਹਿਣੀ ਵਿਚ ਆਇਆ ਤਾਂ ਉਥੇ ਪਹੁੰਚਿਆ ਜਿਥੇ ਬੁਢੀ ਮਾਈ ਖੜੀ ਸੀ। ਵਹਿਣੀ ਦੇ ਦੋਵੇਂ ਪਾਸੇ ਕੁੜੀਆਂ ਤਾੜੀ ਮਾਰਦੀਆਂ ਪਾਣੀ ਦੇ ਨਾਲ ਨਾਲ ਟੁਰ ਪਈਆਂ: "ਫੜੀਂ ਨਾਮੋ ਪਾਣੀ ਵਿਚ ਤਰਦੀ ਲਕੜੀ ਫੜੀਂ" ਤੇ ਇੱਦਾਂ ਦੀਆਂ ਗਲਾਂ ਕਰਕੇ ਹਸਣ ਤੇ ਗੁਟਕਣ, ਪਾਣੀ ਦੀ ਟੋਰ ਵਿਚ ਮਸਤ ਹੋਈਆਂ ਉਥੇ ਪਹੁੰਚੀਆਂ ਜਿਥੇ ਆਦਮੀ ਲੜਨ ਵਾਸਤੇ ਮੂੰਹ ਵਟੀ ਖੜੇ ਸਨ। ਕੁੜੀਆਂ ਨੂੰ ਇਸ ਅਨੰਦ ਵਿਚ ਵੇਖਕੇ ਬੁਢੀ ਮਾਈ ਨੇ ਆਖਿਆ:- "ਤੁਸੀਂ ਸ਼ਰਮ ਕਰੋ, ਇਨ੍ਹਾਂ ਕੁੜੀਆਂ ਲਈ ਲੜਦੇ ਹੋ, ਕੁੜੀਆਂ ਤਾਂ ਆਪਸ ਵਿਚ ਖੇਡਦੀਆਂ ਫਿਰਦੀਆਂ ਹਨ, ਤੇ ਚਾਉ ਚਾਈਂ ਹਨ, ਮੇਰੀਆਂ ਜੁਗਣੀਆਂ ਨੂੰ ਵੇਖੋ ਤਾਂ ਸਹੀ, ਤੁਹਾਡੇ ਨਾਲੋਂ ਕੇਡੀਆਂ ਸਿਆਣੀਆਂ ਹਨ।" ਮਰਦਾਂ ਤੇ ਤੀਵੀਆਂ ਨੇ ਕੁੜੀਆਂ ਵਲ ਵੇਖਿਆ, ਤਾਂ ਕੱਚੇ ਜਿਹੇ ਹੋ ਗਏ, ਤ ਆਪਣੀ ਮੂਰਖਤਾ ਪਰ ਹਸਦੇ ਹੋਏ ਆਪੋ ਆਪਣੇ ਘਰ ਜਾ ਵੜੇ। ਮਸੀਹ ਦਾ ਕਥਨ ਹੈ-
"ਜੇ ਰੱਬ ਦੇ ਦਰਬਾਰ ਵਿਚ ਆਉਣਾ ਜੇ
ਤਾਂ ਅੰਜਾਣੇ ਬੱਚੇ ਬਣਕੇ ਆਓ।"