ਪੰਨਾ:ਜਲ ਤਰੰਗ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿੱਲੀ ਦੀ ਜਿਉਂ ਪਾ ਕੇ ਆਹਟ
ਚੂਹਿਆਂ ਨੂੰ ਪੈ ਜਾਏ ਭਾਜੜ-
ਦਰਜਨ ਦਰਜਨ ਬਚਿਆਂ ਵਾਲੇ
ਨੱਸੇ ਫਿਰਨ ਬੰਗਾਲੀ ਲਾਲੇ!
ਤੀਵੀਆਂ ਵਿਚ ਨਾ ਤੁਰਨ ਦੀ ਸੱਤਾ!
ਅੱਖੀਂ ਡਿੱਠਾ ਮੈਂ ਕਲਕੱਤਾ!

ਟੇਸ਼ਣ ਦੇ ਫਿਰ ਬਾਹਰਵਾਰ
ਸੁਣੀ ਅਨੋਖੀ ਹਾਲ ਪੁਕਾਰ,
ਕੋਈ ਪਿਆ ਵੇਚੇ ਅਖ਼ਬਾਰ
ਕਿਤੇ ਮੋਟਰਾਂ ਦੀ ਘੂੰਕਾਰ,
ਕਿਧਰੇ ਬੱਸਾਂ ਦੀ ਭਰਮਾਰ,
ਕਿਧਰੇ ਟ੍ਰਾਮਾਂ ਦਾ ਖੜਕਾਰ!
ਇਹ ਕੀ? ਇਹ ਕੀ? ਹੇ ਦਾਤਾਰ!
ਡਿੱਗ ਪਿਆ ਮੈਂ ਮੂੰਹ ਦੇ ਭਾਰ
ਚਲਿਆ ਸਾਂ ਮੈਂ ਸ੍ਵਰਗ ਸਿਧਾਰ!
ਧੱਕੇ ਤੇ ਧੱਕਾ ਹਰ ਵਾਰ!
ਏਥੇ ਹਰ ਬੰਦਾ ਮਨ-ਮੱਤਾ!
ਅੱਖੀਂ ਡਿੱਠਾ ਮੈਂ ਕਲਕੱਤਾ!

ਬੱਲੇ ਬੱਲੇ ਪੁਲ ਦੀ ਸ਼ਾਨ!
ਨੇੜੇ ਰਹਿ ਗਿਆ ਏ ਅਸਮਾਨ!
ਹੱਥ ਕੁ ਹੋਰ ਵਧਾ ਜੇ ਦੇਂਦਾ,
ਸਹੁਰੇ ਦਾ ਕੀ ਵਿਗੜ ਸੀ ਜਾਂਦਾ?
ਹੁਗਲੀ ਵਿੱਚ ਜਹਾਜ਼ ਖਲੋਤੇ,
ਅਕਲ ਮੇਰੀ ਦੇ ਉਡ ਗਏ ਤੋਤੋ!

-੬੭-