ਪੰਨਾ:ਜ਼ਿੰਦਗੀ ਦੇ ਰਾਹ ਤੇ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ ਡਿੱਠਾ। ਅਜ ਵੇਖਾਂ ਕਾਕਾ ਵੀ ਭੇਣ ਤੋਂ ਓਦਰਿਆ ਹੋਇਆ ਰੋਂਦਾ ਹੈ। ਹੱਛਾ! ਧੀਆਂ ਪਰਾਇਆ ਧਨ ਹੁੰਦੀਆਂ ਨੇ, ਉਨ੍ਹਾਂ ਵੀ ਆਪਣੇ ਘਰ ਤੇ ਜਾਣਾ ਹੋਇਆ ਨਾ।” ਅਗੇ ਸਹੁਰੇ ਘਰ ਸਸ ਉਡੀਕ ਰਹੀ ਹੁੰਦੀ ਹੈ ਕਿ ਨੂੰਹ ਆਵੇ ਤੇ ਚੌਂਕਾ ਸਾਂਭੇ। ਪਤੀ ਨੂੰ ਉਸ ਦੇ ਸੱਜਨਾਂ ਮਿਤਰਾਂ ਨੇ ਸਿਖਿਆ ਹੀ ਇਹ ਦਿੱਤੀ ਹੁੰਦੀ ਹੈ,“ਵਹੁਟੀ ਨੂੰ ਹਮੇਸ਼ਾ ਕਾਬੂ ਵਿਚ ਰੱਖਣਾ ਚਾਹੀਦਾ ਹੈ। ਨਹੀਂ ਤੇ ਫੇਰ ਤੰਗ ਹੋਣਾ ਪੈਂਦਾ ਹੈ। ਆਉਂਦਿਆਂ ਹੀ ਉਹਦੇ ਤੇ ਰੋਅਬ ਪਾ ਦੇਣਾ ਚਾਹੀਦਾ ਹੈ ਮਤੇ ਫੇਰ ਵਸੋ ਬਾਹਰ ਹੋ ਜਾਏ।” ਇਕ ਸਜਣ ਕਹਿੰਦੇ ਸਨ, “ਜਦੋਂ ਮੇਰਾ ਵਿਆਹ ਹੋਇਆ ਤੇ ਵਹੁਟੀ ਘਰ ਆਈ ਤਾਂ ਉਸੇ ਦਿਨ ਹੀ ਮੈਂ ਕਿਸੇ ਬਹਾਨੇ ਆਪਣੇ ਨੌਕਰ ਨੂੰ ਖ਼ੂਬ ਫੰਡ ਚਾੜ੍ਹੀ ਤੇ ਬਣਾ ਕੇ ਕੁਟਿਆ। ਮੇਰੀ ਵਹੁਟੀ ਬੜੀ ਡਰ ਗਈ ਤੇ ਉਹਦੇ ਤੇ ਉਦੋਂ ਦਾ ਅਜਿਹਾ ਰੋਅਬ ਪਿਆ ਕਿ ਅਜ ਤਕ ਕਦੇ ਨਹੀਂ ਕੁਸਕੀ।

ਜਦ ਨੂੰਹ ਸਹੁਰੇ ਘਰ ਪਹੁੰਚਦੀ ਹੈ ਤਾਂ ਪਹਿਲੋਂ ਖ਼ੂਬ ਖ਼ਾਤਰਾਂ ਹੁੰਦੀਆਂ ਨੇ। ਖ਼ੂਬ ਰੇਸ਼ਮੀ ਤੇ ਸਿਲਮੇ ਸਤਾਰੇ ਵਾਲੇ ਕਪੜੇ ਪਾ ਕੇ ਸਾਰਾ ਦਿਨ ਪੀੜ੍ਹੇ ਤੇ ਬੈਠੀ ਰਹਿੰਦੀ ਹੈ, ਸਭ ਸਾਕ ਅੰਗ ਤੇ ਗਲੀ ਗਵਾਂਢ ਨਵੀਂ ਵਹੁਟੀ ਨੂੰ ਵੇਖਣ ਆਉਂਦੇ ਹਨ, ਉਹਦਾ ਚੂੜਾ ਤੇ ਗਹਿਣੇ ਸਾੜ੍ਹੀਆਂ ਫੋਲ ਫੋਲ ਵਿੰਹਦੀਆਂ ਹਨ, ਉਹਦਾ ਦੁਪੱਟਾ ਤੇ ਸਲਵਾਰ ਕਮੀਜ਼ ਪਰਖਦੀਆਂ ਹਨ, ਪਲੰਘ ਪੀੜ੍ਹਾ ਸਲਾਂਹਦੀਆਂ ਹਨ, ਤਿਓਰਾਂ ਦੀ ਉਸਤਤ ਕਰਦੀਆਂ ਥਕ ਦੀਆਂ ਨਹੀਂ ਤੇ ਉਹਦੇ ਪੇਕਿਆਂ ਦੀ ਬੜੀ ਸਿਫ਼ਤ ਕਰਦੀਆਂ ਹਨ। ਫੇਰ ਹਰ ਕੋਈ ਉਸਨੂੰ ਸਗਣ ਪਾਂਦੀ ਹੈ ਤੇ ਨਾਲ ਰੁਪਏ ਵੀ ਬਥੇਰੇ ਦੇਂਦੀਆਂ ਹਨ। ਵਹੁਟੀ ਦੀਆਂ ਖ਼ੂਬ ਖ਼ਾਤਰਾਂ ਹੁੰਦੀਆਂ ਹਨ, ਖਾਣ ਨੂੰ ਖੀਰਾਂ, ਪਲਾ, ਕੜਾਹ ਪੂੜੀ ਮਿਲਦੇ ਹਨ। ਸਸ ਵੀ ਬੜੀ ਕਦਰ ਕਰਦੀ ਹੈ ਤੇ ਆਪਣੀ ਨੂੰਹ ਤੋਂ ਵਾਰੇ ਵਾਰੇ ਜਾਂਦੀ ਹੈ। ਨਨਾਣਾਂ ਆਪਣੀ

੧੭