ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ `ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।
ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ਼ ਮਿਰਜ਼ੇ ਲਈ ਸੁਨੇਹਾ ਘੱਲ ਦਿੱਤਾ।
ਮਿਰਜ਼ਿਆ ਅਗਲਿਆਂ ਨੇ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਤੈਨੂੰ ਆਪਣੀ ਮੁਹੱਬਤ ਦੀ ਕਸਮ ਸਭੋ ਕੰਮ ਛੱਡ ਕੇ ਵਿਆਹ ਤੋਂ ਪਹਿਲਾਂ ਆ ਕੇ ਮਿਲ। ਮੈਨੂੰ ਤੇਰੇ ਬਿਨਾਂ ਚੈਨ ਨਹੀਂ ਆਉਂਦਾ ਪਿਆ।ਜੇ ਤੂੰ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ਼ ਹੀ ਹੋਵੇਗਾ।"
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ। ਉਹਦੇ ਡੌਲ਼ੇ ਫਰਕ ਉੱਠੇ। ਉਸ ਨੇ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸ਼ਿੰਗਾਰੀ ਤੇ ਝੰਗ ਨੂੰ ਤੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ, ਘਰ ਭੈਣ ਦੀ ਬਰਾਤ ਢੁੱਕਣ ਵਾਲੀ ਹੈ ਤੇ ਤੂੰ ਘਰੋਂ ਟੁਰ ਪਿਐਂ।' ਤੇ ਖੀਵੀ ਦੀਆਂ ਅੱਖਾਂ ’ਚ ਮਮਤਾ ਦੇ ਅੱਥਰੂ ਵਗ ਟੁਰੇ।
"ਮਾਂ! ਜੇ ਮੈਂ ਅੱਜ ਝੰਗ ਨਾ ਅੱਪੜਿਆ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾਂ ਜੀਅ ਨਹੀਂ ਸਕਦਾ। ਮੇਰਾ ਰਾਹ ਛੱਡ ਦੇ ਮਾਂ। ਉਸ ਦੀ ਜਿੰਦ ਨੂੰ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ।ਉਹ ਮੇਰਾ ਰਾਹ ਤੱਕਦੀ ਪਈ ਏ..."
"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇ! ਚੰਗਾ ਦੇਰ ਨਾ ਕਰ, ਛੇਤੀ ਜਾਹ। ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ਼ ਨਾ ਲਾਈਂ। ਸਾਹਿਬਾਂ ਨੂੰ ਨਾਲ਼ ਲੈ ਕੇ ਮੁੜੀ।"
ਤੇ ਮਿਰਜ਼ੇ ਦੀ ਮਾਂ ਨੇ ਰੱਬ ਅੱਗੇ ਦੋਨੋਂ ਹੱਥ ਜੋੜ ਦਿੱਤੇ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ਼ ਗੱਲਾਂ ਕਰਨ ਲੱਗੀ।
ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਨੀ ਸ਼ਰਾਬ ਵਿਚ ਮਸਤ ਆਤਿਸ਼ਬਾਜ਼ੀ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ।ਮਿਰਜ਼ੇ ਦਾ ਦਿਲ ਧੜਕਿਆ! ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜਿਆ ਜਾਣਾ ਸੀ ਤੇ ਸਾਹਿਬਾਂ ਉਹਨੂੰ ਉਡੀਕਦੀ ਉਡੀਕਦੀ ਬੇਆਸ ਹੋ ਚੁੱਕੀ ਸੀ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਨ ਚੜ੍ਹ ਗਿਆ ਹੋਵੇ। ਉਸ ਸੱਚੇ ਖ਼ੁਦਾ ਦਾ ਲੱਖ-ਲੱਖ ਸ਼ੁਕਰ ਕੀਤਾ ਤੇ ਉਹ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖ਼ਬਰ ਦੇ ਆਈ।

ਪੰਜਾਬੀ ਲੋਕ ਗਾਥਾਵਾਂ/ 116