ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਰੋਡਾ ਜਲਾਲੀ

ਰੋਡਾ ਜਲਾਲੀ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। ਸਤਾਰਵੀਂ ਸਦੀ ਦੇ ਅੰਤ ਵਿਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ਗਾਉਂਦੀਆਂ ਹਨ।
ਬਲਖ ਬੁਖ਼ਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿਚ ਫ਼ਕੀਰ ਬਣਿਆਂ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ‘ਲਾਲ ਸਿੰਙੀ’ ਆਣ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ 'ਤੇ ਪੂਰਬ ਵੱਲ ਦੇ ਪਾਸੇ ਸੁਹਾਂ ਨਦੀ ਦੇ ਕੰਢੇ ਇਕ ਸ਼ਾਨਦਾਰ ਬਾਗ ਸੀ। ਉਸ ਬਾਗ ਵਿਚ ਇਸ ਫ਼ਕੀਰ ਨੇ ਜਾ ਡੇਰੇ ਲਾਏ।
ਫ਼ਕੀਰ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਹੇ ਦਗ਼-ਦਗ ਕਰਦੇ ਸਰੀਰ 'ਤੇ ਬਣ-ਬਣ ਪੈਂਦੇ ਸਨ। ਰੂਪ ਉਹਦਾ ਝੱਲਿਆ ਨਹੀਂ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ ’ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।
ਪਿੰਡ ਵਿਚ ਫ਼ਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ, ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ- ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜਿਆ, ਮੱਝ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਉ ਧਾਹੀਂ ਪੈ ਗਈ।ਕਿਸੇ ਦਾ ਜੁਆਕ ਢਿੱਲਾ ਮੱਠਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌ-ਬਰ-ਨੌਂ। ਇਸ ਪ੍ਰਕਾਰ ਰੋਡੇ ਫ਼ਕੀਰ ਦੀ ਮਹਿਮਾ ਘਰ ਘਰ ਹੋਣ ਲੱਗ ਪਈ। ਪਿੰਡ ਦੇ ਲੋਕਾਂ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗੇ। ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ। ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ, ਆਪਣੇ ਦੁਖ-ਸੁਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ਼ ਸੁਣਦਾ, ਸ਼ਹਿਦ ਜਿਹੇ ਮਿੱਠੇ ਬੋਲ ਬੋਲਦਾ, ਸਾਰਿਆਂ ਦੇ ਦਿਲ ਮੋਹੇ ਜਾਂਦੇ।

ਪੰਜਾਬੀ ਲੋਕ ਗਾਥਾਵਾਂ/ 148