ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੨)

੪੦-ਬਦਲਾ ਲੈਣਾ

ਬਦਲੇ ਦੀ ਜੜ੍ਹ ਆਤਮਾ ਦੀ ਕਮਜ਼ੋਰੀ ਵਿਚ ਹੈ। ਜੇਹੜਾ ਆਦਮੀ ਜਿੰਨਾ ਕਾਇਰ ਤੇ ਡਰਾਕਲ ਹੋਵੇਗਾ, ਓਹ ਓਨਾ ਹੀ ਵਧੀਕ ਬਦਲਾ ਲੈਣ ਦਾ ਚਾਹਵਾਨ ਰਹਿੰਦਾ ਹੈ।

ਜਦ ਆਦਮੀ ਨੂੰ ਕਿਸੇ ਹੱਥੋਂ ਨੁਕਸਾਨ ਪਹੁੰਚਦਾ ਹੈ ਤਾਂ ਓਹ ਬਦਲਾ ਲੈਕੇ ਆਪਣੇ ਦਿਲ ਨੂੰ ਠੰਢਿਆਂ ਕਰਦਾ ਹੈ। ਪਰ ਨੇਕ ਦਿਲ ਆਦਮੀ ਕਿਸੇ ਨੁਕਸਾਨ ਨੂੰ ਨੁਕਸਾਨ ਹੀ ਨਹੀਂ ਸਮਝਦਾ ਅਤੇ ਨਾ ਹੀ ਕਦੀ ਓਸ ਦਾ ਬਦਲਾ ਲੈਣ ਵਾਸਤੇ ਤਿਆਰ ਹੁੰਦਾ ਹੈ।

ਜਿਸ ਤਰਾਂ ਤੂਫਾਨ ਅਤੇ ਕੜਕ ਨਾਲ ਸੂਰਜ ਅਤੇ ਤਾਰਿਆਂ ਉਤੇ ਕੋਈ ਅਸਰ ਨਹੀਂ ਹੁੰਦਾ, ਸਗੋਂ ਓਹ ਬਿਛਾਂ ਅਤੇ ਪੱਥਰਾਂ ਉਤੇ ਆਪਣਾ ਗੁੱਸਾ ਕੱਢਦੇ ਹਨ, ਏਸੇ ਤਰਾਂ ਉੱਚੇ ਦਿਲ ਵਾਲਿਆਂ ਉਤੇ ਨੁਕਸਾਨ ਦਾ ਕੋਈ ਅਸਰ ਹੀ ਨਹੀਂ ਹੁੰਦਾ, ਸਗੋ ਓਸ ਦਾ ਅਸਰ ਓਸ ਆਦਮੀ ਤੇ ਹੁੰਦਾ ਹੈ ਜੋ ਕਿ ਨੁਕਸਾਨ ਪੁਚਾਉਣ ਦਾ ਯਤਨ ਕਰਦਾ ਹੈ। ਦਿਲ ਦਾ ਹੋਛਾ ਆਦਮੀ ਬਦਲਾ ਲੈਣ ਨੂੰ ਤਿਆਰ ਹੁੰਦਾ ਹੈ, ਪਰ ਨੇਕ ਆਦਮੀ ਨੁਕਸਾਨ ਦੀ ਪ੍ਰਵਾਹ ਹੀ ਨਹੀਂ ਕਰਦਾ।

ਜੋ ਆਦਮੀ ਬਦਲੇ ਨੂੰ ਆਪਣੇ ਦਿਲ ਵਿਚ ਥਾਂ ਦੇਂਦਾ ਹੈ, ਉਸ ਦਾ ਦਿਲ ਬੇ ਚੈਨ, ਅਸ਼ਾਂਤ ਅਤੇ ਘਾਬਰਦਾ ਰਹਿੰਦਾ ਹੈ,ਪਰ ਏਸ ਦੇ ਉਲਟ ਉਹ ਆਦਮੀ ਸਗੋਂ ਆਨੰਦ ਵਿਚ ਰਹਿੰਦਾ ਹੈ; ਜਿਸ ਪਾਸੋਂ ਕਿ ਓਹ, ਬਦਲਾ ਲੈਣਾ ਚਾਹੁੰਦਾ ਹੈ।