ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਕੰਢੇ ਦੇ ਪਹਾੜ ਵਾਂਗ ਜੰਮਿਆ ਰਹਿੰਦਾ ਹੈ, ਮੁਸੀਬਤ ਦੀਆਂ ਛੱਲਾਂ ਓਸਦੇ ਪੈਰ ਨਹੀਂ ਉਖੇੜ ਸਕਦੀਆਂ, ਓਹ ਪਹਾੜੀ ਕਿਲੇ ਦੇ ਬੁਰਜ ਵਾਂਗ ਸਿਰ ਉਤਾਹਾਂ ਨੂੰ ਚੁੱਕਦਾ ਹੈ ਅਤੇ ਕਿਸਮਤ ਦੇ ਤੀਰ, ਓਸਦੇ ਪੈਰਾਂ ਦੇ ਹੇਠਲੀ ਮਿੱਟੀ ਨੂੰ ਚੁੰਮਦੇ ਹਨ। ਡਰ ਦੇ ਵੇਲੇ ਓਸਦੇ ਦਿਲ ਦੀ ਬਹਾਦਰੀ ਓਸਦੀ ਸਹਾਇਕ ਹੈ, ਅਤੇ ਮਨ ਦੀ ਪਕਿਆਈ ਓਸਦੀ ਮਦਦਗਾਰ। ਓਹ ਜੀਵਨ ਦੇ ਦੁੱਖਾਂ ਦਾ ਓਸ ਬਹਾਦਰ ਸਿਪਾਹੀ ਵਾਂਗ ਟਾਕਰਾ ਕਰਦਾ ਹੈ, ਜੋ ਜੰਗ ਕਰਨ ਲਈ ਜਾਂਦਾ ਹੈ ਅਤੇ ਬਹਾਦਰੀ ਵਾਲਾ ਨਾਮਣਾ ਪ੍ਰਾਪਤ ਕਰਕੇ ਖੁਸ਼ ਤੇ ਹਸਦਾ ਹੋਯਾ ਵਾਪਸ ਮੁੜਦਾ ਹੈ। ਦੁੱਖਾਂ ਦੇ ਵੇਲੇ ਦਿੜਤਾ ਓਹਨਾਂ ਦੇ ਭਾਰ ਨੂੰ ਹੌਲਾ ਕਰ ਦੇਂਦੀ ਹੈ ਅਤੇ ਓਸਦਾ ਜਮਕੇ ਖਲੋਣਾ ਦੁੱਖ ਨੂੰ ਭਜਾ ਦੇਂਦਾ ਹੈ।

ਪਰ ਕਮਜ਼ੋਰ ਦਿਲ ਆਦਮੀ ਦੀ ਢੱਠੀ ਹੋਈ ਹਿੰਮਤ ਓਸਨੂੰ ਧੋਖਾ ਦੇਂਦੀ ਹੈ ਅਤੇ ਓਹ ਸ਼ਰਮਿੰਦਾ ਹੋ ਜਾਂਦਾ ਹੈ। ਗਰੀਬੀ ਤੋਂ ਤੰਗ ਆਕੇ ਓਹ ਨੀਚ ਕੰਮ ਕਰਨ ਲਗ ਪੈਂਦਾ ਹੈ ਅਤੇ ਚੁੱਪ ਕਰਕੇ ਬਦਨਾਮ ਸਹਾਰ ਕੇ ਦੁੱਖਾਂ ਵਿੱਚ ਪੈਣ ਲਈ ਰਸਤਾ ਤਿਆਰ ਕਰ ਲੈਂਦਾ ਹੈ।

ਜਿਸਤਰਾਂ ਸਰਕੰਡਾ ਹੋਲੀ ਹਵਾ ਨਾਲ ਵੀ ਹਿੱਲਣ ਲਗ ਪੈਂਦਾ ਹੈ, ਓਸੇ ਤਰਾਂ ਕਮਜ਼ੋਰ ਦਿਲ ਆਦਮੀ ਦੁੱਖ ਦੇ ਪਰਛਾਵੇਂ ਤੋਂ ਹੀ ਘਬਰਾਉਣ ਲਗ ਜਾਂਦਾ ਹੈ, ਖਤਰੇ ਦੇ ਵੇਲੇ ਓਸਦੀ ਜਾਨ ਸੁੱਕ ਜਾਂਦੀ ਹੈ ਅਤੇ ਓਹ ਹਰਾਨ ਪਰੇਸ਼ਾਨ ਹੋ ਜਾਂਦਾ ਹੈ। ਦੁਖ ਦੇ ਦਿਨ ਓਸਦਾ ਦਿਲ ਬੈਠ ਜਾਂਦਾ ਹੈ ਅਤੇ ਨਿਰਾਸਤਾ ਓਸਦੇ ਆਤਮਾ ਨੂੰ ਪੈਰਾਂ ਵਿਚ ਮਿੱਧ ਸੁਟਦੀ ਹੈ।