ਪੰਨਾ:ਜੀਵਨ ਲਹਿਰਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਦੋਵੇਂ ਮਿਲ ਬੈਠੇ ਸਾਂ

ਉਹ ਜਿਸ ਦਾ ਨਾਂ ਨਾ ਜਾਣਾ।
ਨਾਂ ਨਾ ਜਾਣਾ; ਥਾਂ ਨਾ ਜਾਣਾ।
ਉਹ ਕੁਝ ਆਈ ਮੇਰੇ ਵੱਲੇ,
ਮੈਂ ਕੁਝ ਵਧਿਆ ਉਦ੍ਹੇ ਵੱਲੇ,
ਆਪਣੇ ਘਾਹ ਉਚੇੜਨ ਅੱਲੇ,
ਪਿੰਡੋਂ ਬਾਹਰ, ਧਰੇਕਾਂ ਥੱਲੇ,
ਇਕ ਦਿਨ ਦੋਵੇਂ ਮਿਲ ਬੈਠੇ ਸਾਂ।
ਅੱਖਾਂ ਦੇ ਵਿਚ ਪਾ ਕੇ ਅੱਖਾਂ,
ਲੈਣ, ਦੇਣ ਲਈ ਦਿਲ ਬੈਠੇ ਸਾਂ।
ਇਕ ਦਿਨ ਦੋਵੇਂ ਮਿਲ ਬੈਠੇ ਸਾਂ।

ਅੱਖੀ ਹਾਸੇ ਨੱਚ ਰਹੇ ਸਨ।
ਅੰਦਰ ਭਾਂਬੜ ਮੱਚ ਰਹੇ ਸਨ।
ਬੁਲ੍ਹ ਦੋਹਾਂ ਦੇ ਲੱਗੇ ਫੜਕਨ,
ਪ੍ਰੇਮ ਚਵਾਤੀ ਲੱਗੀ ਭੜਕਨ,
ਦੋਹਾਂ ਦਿਲ ਦੀ ਸਾਂਝੀ ਧੜਕਨ,
ਰੋੜਾਂ ਵਾਂਗੂੰ ਲੱਗੀ ਖੜਕਨ,
ਪਰ ਦੋਵੇਂ ਹੀ ਜੀਭਾਂ ਉਤੇ,
ਖਵਰੇ ਠੋਕੀ ਕਿੱਲ ਬੈਠੇ ਸਾਂ।
ਤਿੰਨਾਂ ਕੁ ਵਰ੍ਹਿਆਂ ਦੇ ਪਿਛੋਂ,
ਇਕ ਦਿਨ ਦੋਵੇਂ ਮਿਲ ਬੈਠੇ ਸਾਂ।

੨੯