ਪੰਨਾ:ਜੀਵਨ ਲਹਿਰਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਥਿੜਕ ਗਈ, ਮੈਂ ਡੋਲ ਗਈ,
ਕੁਝ ਬੋਲ ਅਵੱਲੇ ਬੋਲ ਗਈ,
ਦੁਨੀਆਂ ਦੇ ਮੇਹਣਿਆਂ ਮਾਰ ਲਿਆ,
ਮੈਂ ਮਾਰੀ ਬਸ ਅਣਭੋਲ ਗਈ।

ਮੈਂ ਬੁੱਕਾਂ ਭਰ ਭਰ ਰੋਂਦੀ ਸਾਂ,
ਮੱਥੇ ਤੋਂ ਕਾਲਕ ਧੋਂਦੀ ਸਾਂ।

ਜੇ ਪੈਣ ਵਿਛੋੜੇ ਥੋੜੇ ਵੇ,
ਦਿਲ ਖਾਂਦਾ ਬੜੇ ਮਰੋੜੇ ਵੇ,
ਜੇ ਲੰਮੇ ਪੈਣ ਵਿਛੋੜੇ ਵੇ,

ਤਾਂ ਪ੍ਰੇਮ ਵਿਚਾਰਾ ਮਰ ਜਾਂਦਾ,
ਰੋ ਧੋ ਕੇ ਕਿਨਾਰਾ ਕਰ ਜਾਂਦਾ।

ਹੁਣ ਜਦ ਤੋਂ ਪਏ ਵਿਛੋੜੇ ਨੇ,
ਦਿਲ ਖਾਧੇ ਬੜੇ ਮਰੋੜੇ ਨੇ।
ਅੰਦਰਲੇ ਸਾੜਿਓਂ ਹਿੱਕ ਉਤੇ,
ਕੋਈ ਉੱਠ ਖੜੋਤੇ ਫੋੜੇ ਨੇ।

ਦਿਲ ਕਮਲਾ, ਨੈਣ ਬੇਦੋਸੇ ਵੇ,
ਪਿਆ ਕਿਸ ਤੇ ਕਰਨਾ ਰੋਸੇ ਵੇ।

ਉਹ ਕਾਹਨੂੰ ਤਰ ਗਏ ਪੇਟੇ ਵੇ।
ਲੇਖਾਂ ਮਾਰੇ ਪਸਲੇਟੇ ਵੇ।
ਹੁਣ ਕੌਣ ਧੂਰਾਂ ਦੀ ਮੇਟੇ ਵੇ।

੩੨