ਪੰਨਾ:ਜੀਵਨ ਲਹਿਰਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੇਰਾ ਰੱਬ

ਨਾ ਆਸ਼ਕ ਤਿਲਕਾਂ ਦਾ, ਨਾ ਸ਼ੌਂਕੀ ਸਾਂਙਾਂ ਦਾ।
ਨਾ ਭੁੱਖਾ ਭੋਗਾਂ ਦਾ, ਨਾ ਪ੍ਰੇਮੀ ਬਾਂਗਾਂ ਦਾ।

ਨਾ ਠਾਠ ਅਮੀਰੀ ਏ, ਨਾ ਸ਼ਾਨ ਸ਼ਹਾਨਾ ਏ।
ਦਿਲ ਅੰਦਰ ਦੁਨੀਆਂ ਹੈ, ਅੱਖ ਹੇਠ ਜ਼ਮਾਨਾ ਏ।

ਅਕਲਾਂ ਦੇ ਚਾਨਣ ਤੋਂ, ਉਹ ਢੇਰ ਉਚੇਰਾ ਹੈ।
ਮਜ੍ਹਬ ਦੀ ਵਲਗਨ ਤੋਂ, ਉਹ ਬੜਾ ਪਰੇਰਾ ਹੈ।
ਉਹ ਨਿਰਾ ਹੈ ਨੂਰ ਜਿਹਾ, ਉਹ ਨਿਰਾ ਸਵੇਰਾ ਹੈ।

ਸਭ ਵੇਖਦਾ ਰਹਿੰਦਾ ਹੈ ਸਭ ਸੁਣਦਾ ਰਹਿੰਦਾ ਹੈ।
ਅੱਖਾਂ 'ਚੋਂ ਕੰਢੇ ਵੀ; ਉਹ ਚੁਣਦਾ ਰਹਿੰਦਾ ਹੈ।

ਫੁਲਾਂ ਦੇ ਹਾਸੇ ਵਿਚ, ਉਹ ਹਾਸਾ ਹੱਸਦਾ ਹੈ।
ਕੁਦਰਤ ਦਾ ਕਾਦਰ ਉਹ, ਕੁਦਰਤ ਵਿਚ ਵੱਸਦਾ ਹੈ।

ਉਹ ਆਪ ਹੀ ਸਾਕੀ ਹੈ, ਤੇ ਆਪ ਪੈਮਾਨਾ ਹੈ।
ਦੁਨੀਆਂ ਦੀਵਾਨੀ ਦਾ, ਉਹ ਆਪ ਦੀਵਾਨਾ ਹੈ।

ਉਹ ਭੱਜਾ ਫਿਰਦਾ ਹੈ, ਕਿੱਧਰੇ ਤੇ ਵਾਣਾਂ 'ਚਿ।
ਉਹ ਖੇਡਦਾ ਫਿਰਦਾ ਹੈ, ਕਿੱਧਰੇ ਅੰਜਾਣਾਂ 'ਚਿ।

੬੭