ਪੰਨਾ:ਟੈਕਸੀਨਾਮਾ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੱਜੀ ਸਵਾਲ ਕਰ ਦਿੱਤਾ। ਭਾਵੇਂ ਪਿੱਛੋਂ ਮੈਂ ਸੋਚਿਆ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੀ ਪੁੱਛਣਾ ਚਾਹੀਦਾ। ਮੈਂ ਪੁੱਛਿਆ, “ਤੂੰ ਇਹ ਕੰਮ ਕਿਓਂ ਕਰਦੀ ਐਂ?”

“ਕੀ?”

ਮੈਂ ਆਪਣਾ ਪ੍ਰਸ਼ਨ ਦੁਹਰਾਇਆ।

“ਤੂੰ ਟੈਕਸੀ ਕਿਓਂ ਚਲਾਉਨੈ?” ਉਸ ਨੇ ਮੋੜਵਾਂ ਪ੍ਰਸ਼ਨ ਕੀਤਾ। ਮੈਨੂੰ ਲੱਗਾ ਕਿ ਇਹ ਆਵਾਜ਼ ਕਿਸੇ ਹੋਰ ਦੀ ਸੀ।

“ਜੇ ਮੈਂ ਟੈਕਸੀ ਨਾ ਚਲਾਵਾਂ ਤਾਂ ਤੈਨੂੰ ਆਪਣੇ ਟਿਕਾਣੇ 'ਤੇ ਕੌਣ ਪਹੁੰਚਾਊ," ਮੈਂ ਉਸ ਦੀ ਆਵਾਜ਼ ਵਿਚਲੇ ਰੁੱਖੇਪਨ ਨੂੰ ਮਹਿਸੂਸ ਕਰ ਕੇ ਮਾਹੌਲ ਸਾਵਾਂ ਕਰਨ ਲਈ ਮੁਸਕਰਾ ਕੇ ਕਿਹਾ।

“ਤੇ ਜੇ ਮੈਂ ਧੰਦਾ ਨਾ ਕਰਾਂ ਤਾਂ ਇਸ ਸਮਾਜ ਵਿੱਚ ਬਲਾਤਕਾਰਾਂ ਦਾ ਹੜ੍ਹ ਆ ਜਾਵੇ।” ਉਸ ਦੇ ਇਸ ਜਵਾਬ ਨਾਲ ਮੈਨੂੰ ਤਲਖ਼ੀ ਮਹਿਸੂਸ ਹੋਈ। ਹੈਂ?”

“ਤੂੰ ਮੇਰੇ ਕਿੱਤੇ ਨਾਲ ਆਪਣੇ ਧੰਦੇ ਦਾ ਕਿਵੇਂ ਮੁਕਾਬਲਾ ਕਰ ਸਕਦੀ।

“ਕਿਓਂ ਨਹੀਂ?”

ਇੱਕ ਪਲ ਮੈਨੂੰ ਉਸ ਦਾ ਕੋਈ ਜਵਾਬ ਨਾ ਅਹੁੜਿਆ। ਫਿਰ ਮੈਂ ਸੋਚ ਕੇ ਕਿਹਾ, “ਮੈਂ ਜਿਉਣ ਲਈ ਮੇਹਨਤ ਕਰਦਾਂ। ਆਪਣੇ-ਆਪ ਨੂੰ ਵੇਚਦਾ ਨਹੀਂ।”

“ਮੈਂ ਵੀ ਜਿਉਣ ਲਈ ਹੀ ਇਹ ਕਰਦੀ ਹਾਂ। ਤੂੰ ਵੀ ਆਪਣੀਆਂ ਸੇਵਾਵਾਂ ਲੋਕਾਂ ਨੂੰ ਦਿੰਨੈਂ ਤੇ ਮੈਂ ਵੀ।”

ਟੈਕਸੀ ਉਸ ਦੇ ਟਿਕਾਣੇ 'ਤੇ ਪਹੁੰਚ ਚੁੱਕੀ ਸੀ। ਟੈਕਸੀ ਰੋਕ ਕੇ ਮੈਂ ਕਿਹਾ,“ ਆਪਣੀਆਂ ਸੇਵਾਵਾਂ ਵਿੱਚ ਮੈਂ ਆਪਣਾ ਸਰੀਰ ਜਾਂ ਆਪਣੀ ਜ਼ਮੀਰ ਨਹੀਂ ਵੇਚਦਾ।”

“ਕਿਹੜੀ ਜ਼ਮੀਰ ਦੀ ਗੱਲ ਕਰਦੈਂ ਤੂੰ? ਮੇਰਾ ਵਾਹ ਨਿੱਤ ਤੁਹਾਡੇ ਨਾਲ ਹੀ ਪੈਂਦਾ ਹੈ। ਬਟੂਏ ਵਿੱਚ ਘਰਵਾਲੀ ਤੇ ਬੱਚੇ ਦੀ ਤਸਵੀਰ ਹੋਵੇਗੀ ਤੇ ਮੇਰੇ ਨਾਲ ਸੌਣ ਲਈ ਝੱਟ ਤਿਆਰ ਹੋ ਜਾਣਗੇ। ਮੈਂ ਕਿਸੇ ਨਾਲ ਵਿਆਹੀ ਹੋਈ ਨਹੀਂ। ਜਦੋਂ ਵਿਆਹੀ ਗਈ, ਫਿਰ ਨੀ ਕਿਸੇ ਨਾਲ ਸੌਂਦੀ। ਐਨੀ ਕੁ ਜ਼ਮੀਰ ਹੈਗੀ ਆ। ਤੁਹਾਡੇ ਲੋਕਾਂ ਵਾਂਗ ਮਰੀ ਹੋਈ ਨਹੀਂ।”

“ਤੇਰਾ ‘ਤੁਹਾਡੇ ਲੋਕਾਂ’ ਤੋਂ ਕੀ ਮਤਲਬ ਐ?”

“ਤੁਸੀਂ ਟੈਕਸੀਆਂ ਵਾਲੇ, ਦੋਗਲੇ," ਆਖ ਕੇ ਉਹ ਬਣਦਾ ਭਾੜਾ ਮੇਰੇ ਵੱਲ ਸੁੱਟ ਕੇ ਟੈਕਸੀ ਵਿੱਚੋਂ ਬਾਹਰ ਨਿਕਲ ਗਈ। ਮੈਨੂੰ ਲੱਗਾ ਜਿਵੇਂ ਉਸ ਨੇ ਮੇਰੇ ਵੱਲ ਕੋਈ

ਬਹੁਤ ਹੀ ਭਾਰੀ ਚੀਜ਼ ਸੁੱਟੀ ਹੋਵੇ।

26/ ਟੈਕਸੀਨਾਮਾ