ਪੰਨਾ:ਟੈਕਸੀਨਾਮਾ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਰਾਫਤ ਕਿ ਡਰ?

ਸਵੇਰ ਦੇ ਸਵਾ ਕੁ ਚਾਰ ਵੱਜੇ ਸਨ। ਅਗਸਤ ਦਾ ਅਖੀਰਲਾ ਪੱਖ ਸੀ। ਪਹੁ-ਫੁਟਾਲਾ ਹੋਣ ’ਚ ਹਾਲੇ ਘੰਟਾ ਕੁ ਰਹਿੰਦਾ ਸੀ। ਉਸ ਦੇ ਚਿੱਟਾ ਟੈਂਕ ਟੌਪ ਅਤੇ ਜੀਨ ਦੀ ਨਿੱਕਰ ਪਾਈ ਹੋਈ ਸੀ, ਜਿਸ ਦੇ ਪਾਉਂਚੇ ਉੱਧੜੇ ਹੋਏ ਸਨ। ਉਸ ਨੇ ਨਾਲ ਖੜ੍ਹੇ ਇੱਕ ਅਧੇੜ ਉਮਰ ਦੇ ਬਦਮਾਸ਼ ਲੱਗਦੇ ਬੰਦੇ ਦੇ ਮੋਢੇ ਦਾ ਸਹਾਰਾ ਲਿਆ ਹੋਇਆ ਸੀ। ਆਪ ਉਹ ਛਮਕ ਜਿਹੀ ਮੁਟਿਆਰ ਸੀ। ਐਡਮੰਡਸ ਸਟਰੀਟ ’ਤੇ ਚੱਲ ਰਹੇ ਨਜਾਇਜ਼ ਪਾਰਟੀ ਹਾਊਸ ਦੇ ਮੂਹਰੇ ਟੈਕਸੀ ਰੋਕਦਿਆਂ ਹੀ ਟੈਕਸੀ ਦਾ ਮੂਹਰਲਾ ਦਰਵਾਜ਼ਾ ਖੋਲ੍ਹ ਕੇ, ਉਸ ਬੰਦੇ ਨੇ ਖਰ੍ਹਵੀ ਆਵਾਜ਼ ਵਿੱਚ ਕਿਹਾ, “ਏਹਨੂੰ ਠੀਕ-ਠਾਕ ਇਸ ਦੇ ਟਿਕਾਣੇ 'ਤੇ ਲੈ ਕੇ ਜਾਵੀਂ।” ਮੈਨੂੰ ਉਸ ਦਾ ਇਸ ਤਰ੍ਹਾਂ ਆਖਣਾ ਚੁੱਭਿਆ। ਚਿੱਤ 'ਚ ਆਈ ਕਿ ਆਖਾਂ ਬਈ ਅਸੀਂ, ਟੈਕਸੀਆਂ 'ਕੱਲੀਆਂ-ਕਾਰੀਆਂ ਜਨਾਨੀਆਂ ਦੇਖ ਕੇ ਰੇਪ ਕਰਨ ਲਈ ਨਹੀਂ ਚਲਾਉਂਦੇ। ਪਰ ਮੈਂ ਉਸ ਬੰਦੇ ਦੀ ਦਿੱਖ ਵੇਖ ਕੇ ਕੌੜਾ ਘੁੱਟ ਅੰਦਰ ਲੰਘਾ ਲਿਆ। ਕੁੜੀ ਨੇ ਮੇਰੇ ਨਾਲ ਵਾਲੀ ਸੀਟ 'ਤੇ ਬੈਠਦਿਆਂ ਹੀ ਕਿਹਾ, “ ਮੌਸਕਟੌਪ ਤੇ ਸਮਿੱਥ।” ਮੈਨੂੰ ਉਸਦੀ ਆਵਾਜ਼ ਤੋਂ ਲੱਗਾ ਕਿ ਉਹ ਸ਼ਰਾਬਣ ਸੀ। ਉਸ ਬੰਦੇ ਨੇ ਟੈਕਸੀ ਦਾ ਦਰਵਾਜ਼ਾ ਬੰਦ ਕਰ ਕੇ ਮੇਰੇ ਵੱਲ ਵੇਖਿਆ ਜਿਵੇਂ ਮੈਨੂੰ ਯਾਦ ਕਰਾ ਰਿਹਾ ਹੋਵੇ। ਟੈਕਸੀ ਤੋਰ ਕੇ ਮੈਂ ਉਸ ਪਾਸੇ ਬੰਦੇ ਵੱਲ ਵੇਖਿਆ, ਉਹ ਪਾਰਟੀ ਹਾਊਸ ਵੱਲ ਜਾ ਰਿਹਾ ਸੀ। ਕੁੜੀ ਨੇ ਸੀਟ ’ਤੇ ਢੋਅ ਲਾ ਕੇ ਅੱਖਾਂ ਮੀਚ ਲਈਆਂ। ਮੈਂ ਸ਼ੁਕਰ ਕੀਤਾ ਕਿ ਉਹ ਆਰਾਮ ਕਰਨਾ ਚਾਹੁੰਦੀ ਸੀ, ਨਹੀਂ ਤਾਂ ਪਾਰਟੀਆਂ ’ਚੋਂ ਸ਼ਰਾਬੀ ਹੋ ਕੇ ਨਿਕਲੀਆਂ ਸਵਾਰੀਆਂ ਰੇਡੀਓ 'ਤੇ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਦੀ ਫੁਰਮਾਇਸ਼ ਕਰ ਦਿੰਦੀਆਂ ਹਨ, ਜਿਸ ਨੂੰ ਸੁਣ ਕੇ ਚਿੱਤ ਕਾਹਲਾ ਪੈਣ ਲੱਗ ਜਾਂਦਾ।

ਮੇਰੇ ਚਿੱਤ 'ਚ ਆਈ ਕਿ ਕੈਸੇ ਕੁੱਤੇ ਕੰਮ ’ਚ ਫਸ ਗਿਆ ਹਾਂ, ਅਗਲਾ ਮਿੰਟ 'ਚ ਥੋਡੀ ਬੇਇੱਜ਼ਤੀ ਕਰ ਜਾਂਦੈ। ਆਪਣੀਆਂ ਸੋਚਾਂ ਵਿੱਚ ਟੈਕਸੀ ਨੂੰ ਚਲਾਉਂਦਾ ਟਿਕਾਣੇ ਵੱਲ ਵਧਣ ਲੱਗਾ ਕਦੇ ਕਦੇ ਮੈਂ ਕੁੜੀ ਵੱਲ ਵੀ ਨਿਗ੍ਹਾ ਮਾਰ ਲੈਂਦਾ, ਇਹ ਪਤਾ ਕਰਨ ਲਈ ਕਿ ਉਹ ਸ਼ਰਾਬਣ ਸੀ ਜਾਂ ਉਨੀਂਦਰੀ। ਚਿੱਤ ’ਚ ਇਹ ਵੀ ਡਰ ਉਪਜਿਆ ਕਿ ਜੇ ਸ਼ਰਾਬਣ ਹੋਈ ਤਾਂ ਕਿਰਾਏ ਜੋਗੇ ਪੈਸੇ ਵੀ ਹੋਣਗੇ ਓਹਦੇ ਕੋਲ

ਟੈਕਸੀਨਾਮਾ/27