ਪੰਨਾ:ਟੈਕਸੀਨਾਮਾ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਅੱਜ ਦੀ ‘ਬੋਹਣੀ’ ਹੀ ਮਾੜੀ ਹੋਣੀ ਹੈ। ‘ਮੌਸਕਰੌਪ ਤੇ ਸਮਿੱਥ' ਦੇ ਚੁਰਾਹੇ ਕੋਲ ਪਹੁੰਚ ਕੇ ਮੈਂ ਪੂਰਾ ਪਤਾ ਜਾਨਣ ਲਈ ਉੱਚੀ ਆਵਾਜ਼ ਵਿੱਚ ‘ਹੈਲੋ” ਕਿਹਾ। ਪਰ ਕੁੜੀ 'ਤੇ ਕੋਈ ਅਸਰ ਨਾ ਹੋਇਆ। ਮੈਂ ਫਿਰ ਉੱਚੀ ਆਵਾਜ਼ ਵਿੱਚ ਕਿਹਾ ਕਿ ਅਸੀਂ ‘ਮੌਸਕਟੌਪ ਤੇ ਸਮਿੱਥ' ਦੇ ਚੁਰਾਹੇ 'ਤੇ ਪਹੁੰਚ ਗਏ ਹਾਂ। ਪਰ ਕੁੜੀ ਟੱਸ ਤੋਂ ਮੱਸ ਨਾ ਹੋਈ। ‘ਕਸੂਤੇ ਈ ਫਸਗੇ ਅੱਜ ਤਾਂ,' ਮੈਂ ਸੋਚਿਆ। ਇਸ ਸੋਚ ਨਾਲ ਮੇਰਾ ਚਿੱਤ ਕਾਹਲਾ ਪੈਣ ਲੱਗਾ। ਮੈਂ ਕਾਰ ਤੋਰ ਕੇ ਜ਼ੋਰ ਨਾਲ ਬ੍ਰੇਕ ਮਾਰੇ। ਕਾਰ ਹੁਝਕੇ ਨਾਲ ਰੁਕੀ। ਕੁੜੀ ਥੋੜ੍ਹਾ ਜਿਹਾ ਬਾਰੀ ਵੱਲ ਲੁੜਕ ਗਈ। ‘ਮਾਰੇ ਗਏ, ਕਿਤੇ ਮਰ- ਮੁਰ ਈ ਨਾ ਗਈ ਹੋਵੇ,' ਮੇਰਾ ਅੰਦਰ ਡਰ ਨਾਲ ਕੰਬ ਗਿਆ। ਮੈਂ ਆਪਣਾ ਹੱਥ ਕੁੜੀ ਦੇ ਨੱਕ ਮੂਹਰੇ ਕੀਤਾ। ਉਸ ਦਾ ਨੱਕ ਤਾਂ ਇੰਜਣ ਵਾਂਗ ਸ਼ੂਕ ਰਿਹਾ ਸੀ। ਮੇਰਾ ਚਿੱਤ ਥੋੜ੍ਹਾ ਜਿਹਾ ਟਿਕਾਣੇ ਸਿਰ ਹੋ ਗਿਆ। ਇੱਕ ਜੀਅ ਕੀਤਾ ਕਿ ਮੋਢੇ ਤੋਂ ਫੜ੍ਹ ਕੇ ਝੰਜੋੜਾਂ ਪਰ ਮੇਰੀ ਹਿੰਮਤ ਨਾ ਪਈ। ਹਾਰ ਕੇ ਹਾਲਾਤ ਬਾਰੇ ਡਿਸਪੈਚਰ ਨੂੰ ਦੱਸਿਆ। ਉਸ ਨੇ ਸਲਾਹ ਦਿੱਤੀ ਕਿ ਕੁੜੀ ਨੂੰ ਮੋਢੇ ਤੋਂ ਫੜ ਕੇ ਹਿਲਾਵਾਂ। ਪਰ ਮੈਂ ਜਵਾਬ ਦਿੰਦਿਆਂ ਆਪਣਾ ਖਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਕੁੜੀ ਹੋਸ਼ ਵਿੱਚ ਆ ਕੇ ਉਸ ਨੂੰ ਹੱਥ ਲਾਉਣਾ ਪਸੰਦ ਨਾ ਕਰੇ, ਇਸ ਲਈ ਮੈਂ ਕਿਸੇ ਸੰਭਾਵੀ ਖਤਰੇ ਨੂੰ ਮੁੱਲ ਨਹੀਂ ਲੈਣਾ ਚਾਹੁੰਦਾ। ਡਿਸਪੈਚਰ ਨੇ ਮੇਰੀ ਇਸ ਗੱਲ ਦੀ ਪ੍ਰੌੜਤਾ ਕਰਦਿਆਂ ਸਲਾਹ ਦਿੱਤੀ ਕਿ ਮੈਂ ਉਸ ਚੁਰਾਹੇ ਵਿੱਚ ਐਮਰਜੈਂਸੀ ਬੱਤੀਆਂ ਚਲਾ ਕੇ ਕਾਰ ਪਾਰਕ ਕਰ ਦੇਵਾਂ ਅਤੇ ਉਹ ਐਂਬੂਲੈਂਸ ਨੂੰ ਉਸ ਥਾਂ ਭੇਜ ਦੇਵੇਗਾ।

ਕਾਰ ਪਾਰਕ ਕਰ ਕੇ ਮੈਂ ਐਂਬੂਲੈਂਸ ਦੀ ਉਡੀਕ ਕਰਨ ਲੱਗਾ। ਮੇਰਾ ਧਿਆਨ ਕੁੜੀ ਦੇ ਉੱਚੇ ਉੱਠੇ ਟੈਂਕ ਟਾਪ 'ਚੋਂ ਝਾਕ ਰਹੇ ਅੰਗਾਂ ’ਤੇ ਪਿਆ। ਮੇਰਾ ਚੜ੍ਹਦੀ ਜਵਾਨੀ ਵਾਲਾ ਮਨ ਮਚਲਣ ਲੱਗਾ। ਚਿੱਤ 'ਚ ਆਈ ਕਿ ਸਿਰਫ ਤਸਵੀਰਾਂ 'ਚ ਦੇਖੇ ਅੰਗਾਂ ਨੂੰ ਟੋਹ ਕੇ ਤਾਂ ਦੇਖਾਂ। ਇਸ ਨੂੰ ਕਿਹੜਾ ਪਤਾ ਲੱਗਣਾ ਹੈ। ਆਪਣੇ ਇਸ ਵਿਚਾਰ ’ਤੇ ਮੈਨੂੰ ਆਪਣੇ-ਆਪ 'ਤੇ ਸ਼ਰਮ ਵੀ ਮਹਿਸੂਸ ਹੋਈ। ਮੈਂ ਆਪਣੀ ਨਿਗ੍ਹਾ ਉਸ ਪਾਸਿਓਂ ਮੋੜ ਲਈ ਪਰ ਧਿਆਨ ਉੱਥੇ ਹੀ ਰਿਹਾ। ਮੈਂ ਫਿਰ ਲਲਚਾਈਆਂ ਅੱਖਾਂ ਨਾਲ ਉੱਧਰ ਟਿਕਟਿਕੀ ਲਗਾ ਲਈ। ਮੇਰੇ ਚਿੱਤ 'ਚ ਆਈ ਕਿ ਸਵਾਦ ਲੈ ਹੀ ਲੈਣਾ ਚਾਹੀਦਾ ਹੈ। ਪਰ ਅਗਲੇ ਹੀ ਪਲ ਮੈਨੂੰ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਚੇਤੇ ਆ ਗਈ ਅਤੇ ਮੈਂ ਡਰ ਕੇ ਆਪਣਾ ਧਿਆਨ ਪਾਸੇ ਕਰ ਕੇ ਐਂਬੂਲੈਂਸ ਨੂੰ ਉਡੀਕਣ ਲੱਗਾ।

ਉਹ ਘਟਨਾ ਇਸ ਤਰ੍ਹਾਂ ਹੋਈ ਕਿ ਇੱਕ ਡਰਾਈਵਰ ਨੂੰ ਕੁਝ ਦਿਨ ਪਹਿਲਾਂ ਬੀਅਰ ਦੀ ਡਿਲਵਰੀ ਮਿਲੀ। ਜਦ ਉਹ ਬੀਅਰ ਦੇਣ ਉਸ ਅਪਾਰਟਮੈਂਟ ਵਿੱਚ ਪਹੁੰਚਿਆ ਤਾਂ ਔਰਤ ਨਿਰਵਸਤਰ ਖੜ੍ਹੀ ਸੀ। ਡਰਾਈਵਰ ਨੂੰ ਉਸ ਨੇ ਬੀਅਰ ਵਿੱਚ ਸਾਥ ਦੇਣ ਦਾ ਸੱਦਾ ਦਿੱਤਾ ਅਤੇ ਫਿਰ ਜਦ ਉਹ ਵੇਹਲਾ ਹੋ ਕੇ ਜਾਣ ਲੱਗਾ ਤਾਂ ਔਰਤ ਨੇ ਉਸ 'ਤੇ ਰੇਪ ਕਰਨ ਦਾ ਇਲਜ਼ਾਮ ਲਾ ਦਿੱਤਾ ਅਤੇ ਉਹ

ਪੁਲੀਸ ਨੂੰ ਸੱਦਣ ਅਤੇ ਟੈਕਸੀ ਕੰਪਨੀ ਨੂੰ ਦੱਸਣ ਦੀ ਧਮਕੀ ਦੇਣ ਲੱਗੀ। ਬਾਅਦ

28/ਟੈਕਸੀਨਾਮਾ