ਪੰਨਾ:ਟੈਕਸੀਨਾਮਾ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਉਸ ਡਰਾਈਵਰ ਨੇ ਦੋ ਹਜ਼ਾਰ ਡਾਲਰ ਦੇ ਕੇ ਗੱਲ ਰਫ਼ਾ-ਦਫ਼ਾ ਕਰਵਾਈ।

ਮੈਨੂੰ ਲੱਗਾ ਕਿ ਹੋ ਸਕਦਾ ਹੈ ਕਿ ਇਹ ਕੁੜੀ ਵੀ ਮਚਲੀ ਪਈ ਹੋਵੇ ਅਤੇ ਮੇਰੇ ਕੋਈ ਅਜੇਹੀ ਹਰਕਤ ਕਰਦਿਆਂ ਹੀ ਉਹ ਝੱਟ ਅੱਖਾਂ ਖੋਲ੍ਹ ਦੇਵੇਗੀ ਅਤੇ ਉਹੀ ਹਾਲਤ ਮੇਰੀ ਹੋਵੇਗੀ ਜਿਹੜੀ ਉਸ ਡਰਾਈਵਰ ਦੀ ਹੋਈ ਸੀ। ਇਹ ਸੋਚਦਿਆਂ ਹੀ ਮੈਂ ਟੈਕਸੀ 'ਚੋਂ ਬਾਹਰ ਨਿਕਲ ਕੇ ਖੜ੍ਹ ਗਿਆ। ਪੰਜਾਂ ਮਿੰਟਾਂ ਵਿੱਚ ਹੀ ਐਂਬੂਲੈਂਸ ਉੱਥੇ ਆ ਗਈ। ਉਨ੍ਹਾਂ ਨੇ ਕੁੜੀ ਨੂੰ ਹਿਲਾ–ਜੁਲਾ ਕੇ ਜਗਾਇਆ ਅਤੇ ਬਾਹਾਂ ਤੋਂ ਫੜ ਕੇ ਲੜਖੜਾਂਉਦੀ ਨੂੰ ਐਂਬੂਲੈਂਸ ਵਿੱਚ ਪਾ ਲਿਆ। ਫਿਰ ਕੁੜੀ ਦਾ ਪਰਸ ਫਰੋਲ ਕੇ ਉਨ੍ਹਾਂ ਨੇ ਮੈਨੂੰ ਕਿਰਾਇਆ ਦਿੱਤਾ। ਵਾਪਸ ਮੁੜਦੇ ਹੋਏ ਮੇਰੀ ਸੁਰਤ 'ਚੋਂ ਕੁੜੀ ਦੇ ਝਾਤੀਆਂ ਮਾਰਦੇ ਅੰਗ ਪਾਸੇ ਨਹੀਂ ਸੀ ਹੋ ਰਹੇ। ਮਨ ਵਿੱਚ ਇੱਕ ਪਛਤਾਵਾ ਜਿਹਾ ਵੀ ਸੀ ਕਿ ਉਹ ਤਾਂ ਸੱਚੀਂ ਹੀ ਗੂੜ੍ਹੀ ਨੀਂਦ ਸੁੱਤੀ ਹੋਈ ਸੀ। ਇਨ੍ਹਾਂ ਸੋਚਾਂ ’ਚ ਹੀ ਮੈਂ ‘ਓਲਡ ਔਰਚਰਡ’ ਸਟੈਂਡ ’ਤੇ ਪਹੁੰਚ ਗਿਆ। ਆਪਣੀ ਕਾਰ 'ਚੋਂ ਨਿਕਲ ਕੇ ਮੈਂ ‘ਮਾਸਟਰ’ ਦੀ ਕਾਰ ਵਿੱਚ ਬੈਠਣ ਲਈ ਦਰਵਾਜ਼ਾ ਖੋਹਲਿਆ ਹੀ ਸੀ ਕਿ ਉੱਥੇ ਬੈਠਾ ‘ਬਲੂਅ ਸਿਕਸਟੀਨ' ਬੋਲਿਆ, ਓਹ ਲਖਾਰੀਆ, ਐਨੀ ਵੀ ਸ਼ਰੀਫੀ ਨੀ ਚੰਗੀ ਹੁੰਦੀ। ਐਹੋ ਜਿਆ ਮੌਕਾ ਵਾਰ-ਵਾਰ ਨੀ ਆਉਂਦਾ ਹੁੰਦਾ। ਦੋ ਮਿੰਟ ਖੇਡ ਲੈਂਦਾ।”

ਫਿਰ ਉਹ ਮੇਰੀ ਰੀਸ ਲਾਉਂਦਾ ਬੋਲਿਆ, “ਆਈ ਡੋਂਟ ਵਾਂਟ ਟੂ ਟੱਚ ਹਰ।” ਮੈਂ ਇਸੇ ਤਰ੍ਹਾਂ ਹੀ ਡਿਸਪੈਚਰ ਨੂੰ ਕਿਹਾ ਸੀ। ‘ਬਲੂਅ ਸਿਕਸਟੀਨ' ਤਾੜੀ ਮਾਰ ਕੇ ਹੱਸਿਆ। ਫਿਰ ਬੋਲਿਆ, “ਕੰਜਰ ਦਿਆ, ਓਹਨੂੰ ਛਪਾਕੀ ਨਿਕਲੀ ਸੀ, ਓਏ?”

“ਕਿਓਂ ਐਵੇਂ ਮੁੰਡੇ ਨੂੰ ਮਖੌਲ ਕਰਦੈਂ? ਇਹ ਕਿੱਧਰਲੀ ਬਹਾਦਰੀ ਐ ਬਈ ਬੇਸੁਰਤ ਜਨਾਨੀ ਦਾ ਫਾਇਦਾ ਉਠਾਓ। ਨਾਲੇ ਇਹ ਭਾਈ ਸਾਹਬ, ਕਿੱਤੇ ਨਾਲ ਵਿਸ਼ਵਾਸਘਾਤ ਐ। ਸਾਡੇ ’ਤੇ ਵਿਸ਼ਵਾਸ਼ ਕਰ ਕੇ ਹੀ 'ਕੱਲੀਆਂ ਕਾਰੀਆਂ ਜਨਾਨੀਆਂ ਸਾਡੇ ਨਾਲ ਬਹਿੰਦੀਐਂ,” ਮਾਸਟਰ ਬੋਲਿਆ।

ਮਾਸਟਰ ਦੀ ਇਹ ਗੱਲ ਸੁਣ ਕੇ ਮੈਂ ਅੰਦਰੇ ਅੰਦਰ ਪਾਣੀਓਂ-ਪਾਣੀ ਹੋ

ਗਿਆ।

ਟੈਕਸੀਨਾਮਾ/29