ਪੰਨਾ:ਟੈਕਸੀਨਾਮਾ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਪੀੜ

“ਆਓ-ਆਓ ਮਾਰ੍ਹਾਜ, ਕਦੇ ਦਰਸ਼ਨ------?"

“ਸੁਣਾ ਸੋਹਣਿਆ ਕਿਵੇਂ ਐਂ ?” ‘ਥਰਟੀ ਟੂ’ ਨੇ ਮੇਰੀ ਮਾਰਾਜ ਅਣਸੁਣੀ ਕਰ ਟੈਕਸੀ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਵਿੱਚ ਬੈਠਦੇ ਨੇ ਪੁੱਛਿਆ।

“ਬਸ ਠੀਕ ਐ, ਤੁਸੀਂ ਸੁਣਾਓ ਕਿਤੇ ਦਰਸ਼ਨ ਹੀ ਨਹੀਂ ਹੁੰਦੇ?”

“ਸਾਡੇ ਦਰਸ਼ਨ ਕਰਨੇ ਹੁੰਦੇ ਐ ਤਾਂ ਰਾਤਾਂ ਨੂੰ ਆਇਆ ਕਰ," ਥਰਟੀ ਟੂ ਨੇ ਥੋੜ੍ਹਾ-ਥੋੜ੍ਹਾ ਹੱਸਦੇ ਹੋਏ ਕਿਹਾ ।

“ਰਾਤਾਂ ਨੂੰ ਮਾਰ੍ਹਾਜ ਡਰ ਲਗਦੈ ਸ਼ਰਾਬੀਆਂ ਤੋਂ।”

“ਸ਼ਰਾਬੀਆਂ ਤੋਂ ਨਹੀਂ, ਸ਼ਰਾਬਣਾਂ ਤੋਂ ਕਹਿ,” ਆਖ ਕੇ ‘ਥਰਟੀ ਟੁ’ ਹੱਸਿਆ, ਫਿਰ ਕਹਿਣ ਲੱਗਾ , “ਕਿਓਂ ਬਈ, ਸ਼ਰਾਬਣਾਂ ਐਨੀਆਂ ਵੀ ਨਹੀਂ ਹਲਕੀਆਂ ਫਿਰਦੀਆਂ ਕਿ ਤੇਰੇ ਵਰਗੇ ਨੂੰ ਰੇਪ ਕਰ ਦੇਣ,” ਉਹ ਫਿਰ ਹੱਸਿਆ। ਮੈਂ ਵੀ ਹੱਸ ਪਿਆ। ਮੈਨੂੰ ਕੋਈ ਜਵਾਬ ਹੀ ਨਾ ਸੁੱਝਿਆ।

ਥਰਟੀ ਟੂ ਉਸਦੀ ਟੈਕਸੀ ਦਾ ਨੰਬਰ ਸੀ, ਉਸਦੇ ਅਸਲ ਨਾਮ ਦਾ ਮੈਨੂੰ ਨਹੀਂ ਪਤਾ। ਟੈਕਸੀਆਂ ਵਾਲੇ ਇੱਕ ਦੂਜੇ ਨੂੰ ਟੈਕਸੀ ਦੇ ਨੰਬਰ ਨਾਲ ਹੀ ਬਲਾਉਂਦੇ। ਅਸਲ ਨਾਮ ਕੋਈ ਘੱਟ ਹੀ ਪੁੱਛਦਾ।

‘ਥਰਟੀ ਟੂ’ ਦਾ ਗੱਲ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਹੁੰਦਾ। ਪਰ ਉਸਦੀਆਂ ਗੱਲਾਂ ਕਦੇ-ਕਦੇ ਹੀ ਸੁਣਨ ਨੂੰ ਮਿਲਦੀਆਂ। ਉਹ ਲੌਂਗ-ਸ਼ਿਫਟ ਟੈਕਸੀ ਚਲਾਉਂਦਾ। ਚੌਵੀ ਘੰਟੇ ਟੈਕਸੀ ਉਸ ਕੋਲ ਹੀ ਰਹਿੰਦੀ। ਉਂਝ ਟੈਕਸੀ ਦੀਆਂ ਦੋ ਸ਼ਿਫਟਾਂ ਹੁੰਦੀਆਂ, ਬਾਰਾਂ-ਬਾਰਾਂ ਘੰਟੇ ਦੀਆਂ। ਪਰ ਕਈ ਡਰਾਈਵਰ ਦੋਨੋਂ ਸਿਫ਼ਟਾਂ ਦੀ ਟੈਕਸੀ ਹੀ ਲੈ ਲੈਂਦੇ। ਉਸਨੂੰ ਉਹ ‘ਲੌਂਗ ਸ਼ਿਫਟ' ਆਖਦੇ। ਇੱਕ ਸ਼ਿਫਟ ਨਾਲੋਂ ਡੇਢ ਗੁਣਾਂ ਜ਼ਿਆਦਾ ਲੀਜ਼ ਦੇ ਕੇ ਟੈਕਸੀ ਆਪਣੇ ਕੋਲ ਹੀ ਰੱਖਦੇ। ਜਦ ਦਿਲ ਕਰਦਾ ਟੈਕਸੀ ਚਲਾਉਣ ਲੱਗ ਪੈਂਦੇ, ਜਦ ਦਿਲ ਕਰਦਾ ਘਰ ਜਾਕੇ ਥੋੜ੍ਹੇ ਚਿਰ ਲਈ ਆਰਾਮ ਕਰ ਆਉਦੇਂ। ਇਸ ਤਰ੍ਹਾਂ ਕਈ ਡਰਾਈਵਰ ਪੰਦਰਾਂ-ਪੰਦਰਾਂ, ਸੋਲਾਂ-ਸੋਲਾਂ ਘੰਟੇ ਟੈਕਸੀ ਚਲਾਉਂਦੇ ।

‘ਥਰਟੀ ਟੂ’ ਆਮ ਤੌਰ ’ਤੇ ਦਿਨ ਦੇ ਇੱਕ ਦੋ ਵਜੇ ਟੈਕਸੀ ਚਲਾਉਣੀ ਸ਼ੁਰੂ ਕਰਦਾ ਅਤੇ ਅਗਲੀ ਸਵੇਰ ਦੇ ਤਿੰਨ-ਚਾਰ ਵਜੇ ਤੱਕ ਚਲਾਉਂਦਾ ਰਹਿੰਦਾ। ਮੈਂ ਵੀਕਐਂਡ 'ਤੇ ਟੈਕਸੀ ਚਲਾਉਂਦਾ, ਦਿਨ ਦੀ ਬਾਰਾਂ ਘੰਟੇ ਦੀ ਸਿਫਟ। ਸਵੇਰੇ ਚਾਰ ਵਜੇ ਸ਼ੁਰੂ ਕਰਕੇ ਸ਼ਾਮ ਦੇ ਚਾਰ ਵਜੇ ਤੱਕ ਚਲਾਉਂਦਾ ਰਹਿੰਦਾ। ਇਸ ਸਮੇਂ

30/ਟੈਕਸੀਨਾਮਾ