ਪੰਨਾ:ਟੈਕਸੀਨਾਮਾ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੌਰਾਨ ਕਦੇ ਰੱਬ-ਸਬੱਬੀਂ ‘ਥਰਟੀ ਟੂ’ ਨੂੰ ਕਿਸੇ ਸਟੈਂਡ 'ਤੇ ਮਿਲ ਜਾਣਾ ਤਾਂ ਗੱਲ-ਬਾਤ ਹੋ ਜਾਣੀ। ਕੰਮ ਮੰਦਾ ਹੋਣਾ ਤਾਂ ਗੱਲਾਂ-ਬਾਤਾਂ ਵੱਧ ਵੀ ਹੋ ਜਾਂਦੀਆਂ, ਤੇਜ਼ ਹੋਣਾ ਤਾਂ ਦੂਰੋਂ ਹੀ ‘ਮਾਰ੍ਹਾਜ-ਮਾਰ੍ਹਾਜ’ ਹੋ ਜਾਂਦੀ ।

ਜਦੋਂ ਗੱਲ-ਬਾਤ ਹੋਣੀ, ਉਹ ਮੇਰੇ ਨਾਲ ਅਕਸਰ ਕੁੜੀਆਂ ਦੀਆਂ ਗੱਲਾਂ ਹੀ ਕਰਦਾ, ਹੋਰ ਵੀ ਕਰਦਾ ਪਰ ਬਹੁਤੀਆਂ ਕੁੜੀਆਂ ਦੀਆਂ ਹੀ ਹੁੰਦੀਆਂ। ਭਾਵੇਂ ਉਹ ਮੇਰੇ ਨਾਲੋਂ ਦੋ-ਚਾਰ ਸਾਲ ਹੀ ਵੱਡਾ ਹੋਵੇਗਾ, ਸਤਾਈ-ਅਠਾਈ ਵਰ੍ਹਿਆਂ ਦੇ ਗੇੜ 'ਚ। ਪਰ ਉਹ ਮੈਂਨੂੰ ਅਲੂੰਆਂ ਜਿਹਾ ਮੁੰਡਾ ਹੀ ਸਮਝਦਾ, ਜਿਸ ਨਾਲ ਸਿਰਫ਼ ਕੁੜੀਆਂ ਦੀਆਂ ਹੀ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਮੇਰਾ ਵਿਆਹ ਨਾ ਹੋਇਆ ਹੋਣ ਕਰਕੇ ਸ਼ਾਇਦ ਉਹ ਅਜੇਹਾ ਸਮਝਦਾ ਸੀ। ਆਪ ਉਹ ਵਿਆਹਿਆ ਹੋਇਆ ਸੀ, ਦੋ ਸਾਲਾਂ ਦੀ ਧੀ ਦਾ ਪਿਓ ।

ਇੱਕ ਦਿਨ ਮਿਲਿਆ, ਕਹਿੰਦਾ, “ਬਈ ਰਾਤ ਤਾਂ ਸਵਾਦ ਆ ਗਿਆ 'ਕੇਰਾਂ, ਇੱਕ ਅੱਧਖੜ ਜਿਹੀ ਗੋਰੀ ਟੱਕਰ ਗਈ, ਸ਼ਰਾਬਣ----”

“ਅੱਛਾ?” ਮੈਂ ਉਸਦੀ ਗੱਲ ਸੁਣਨ ਲਈ ਠੀਕ ਜਿਹਾ ਹੋ ਕੇ ਬੈਠਦੇ ਨੇ ਕਿਹਾ।

ਉਸ ਗੱਲ ਜਾਰੀ ਰੱਖਦੇ ਹੋਏ ਕਿਹਾ, “------ਕਹਿੰਦੀ ਅੱਜ ਮੇਰਾ ਬਰਥਡੇ ਐ, ਅਖੈ ਮੈਂ ਇਕੱਲੀ-ਇਕੱਲੀ ਮਹਿਸੂਸ ਕਰ ਰਹੀ ਆਂ। ਮੈਂ ਪੁਛਿਆ ਤੇਰਾ ਕੋਈ ਪੁੱਤ-ਧੀ, ਤੇਰਾ ਹਸਬੈਂਡ? ਕਹਿੰਦੀ ‘ਮੈਂ ਵਿਆਹ ਹੀ ਨਹੀਂ ਕਰਾਇਆ। ਬੁਆਏ ਫਰੈਂਡ ਸੀ, ਉਹਦੇ ਨਾਲ ਟੁੱਟ ਗਈ। ਮੈਂ ਸੋਚਿਆ ਇਹ ਤਾਂ ਆਪ ਈ ਸੁਰ ’ਚ ਐ। ਉਂਝ ਉਹ ਬਹੁਤੀ ਸੁਨੱਖੀ ਨਹੀਂ ਸੀ, ਪਰ ਸੀ ਤਾਂ ਸਾਲੀ ਗੋਰੀ। ਮੈਂ ਕਿਹਾ, ‘ਹੇ ਲੈਟਸ ਸੈਲੀਬਰੇਟ, ਲੈਟਸ ਹੈਵ ਸਮ ਡਰਿੰਕਸ, ਆਈ ਐਮ ਯੂਅਰ ਫਰੈਂਡ, ਕਮ ਆਨ। ਕਹਿੰਦੀ, ‘ਆਰ ਯੂ ?’ ਮੈਂ ਕਿਹਾ, ‘ਓ ਜਿਆ, ਮੇਰੇ ਕੋਲ ਵਿਸਕੀ ਹੈਗੀ ਐ, ਚੱਲ ਤੇਰੇ ਘਰ ਚੱਲਦੇ ਆਂ। ਗੋਰੀ ਮਿੱਤਰਾ ਖੁਸ਼ ਹੋਗੀ। ਮੇਰੇ ਕੋਲ ਕੁੰਡੇ ਆਲੀ (1.75 ਲੀਟਰ ਦੀ ਬੋਤਲ) ਪਿੱਛੇ ਟਰੰਕ 'ਚ ਪਈ ਸੀ। ਉਹਦੀ ਅਪਾਰਟਮੈਂਟ ’ਚ ਚਲੇ ਗਏ। ਗੋਰੀ ਪਹਿਲਾਂ ਹੀ ਸ਼ਰਾਬਣ ਸੀ, ਮੈਂ ਉਸਨੂੰ ਇੱਕ ਹੋਰ ਲੰਡੂ ਜਾ ਡਰਾਮ ਬਣਾ ਦਿੱਤਾ, ਇੱਕ ਗੱਦਰਗੱਫਾ ਜਿਹਾ ਮੈਂ ਆਵਦੇ ਅੰਦਰ ਸੁੱਟਿਆ ਬੱਸ ਫੇਰ ਨਾ ਪੁੱਛ, ਗੋਰੀ ਮੁੜ-ਮੁੜ ਜੱਫੀਆਂ ਪਾਵੇ, ਆਖੀ ਜਾਵੇ ‘ਯੂ ਆਰ ਸੋ ਨਾਈਸ'। ਅਸੀਂ ਆਪਣਾ ਕੰਮ ਨਬੇੜ ਕੇ ਤੁਰਨ ਨੂੰ ਹੋਏ, ਪਰ ਉਹ ਆਉਣ ਨਾ ਦੇਵੇ, ਕਹੇ ਹਾਲੇ ਹੋਰ ਰਹਿ ‘ਯੂ ਆਰ ਸਵੀਟ, ਹਨੀ-ਹਨੀ ਕਹੇ, ਕਦੇ ਲਵ-ਲਵ ਕਹੇ । ਮੈਂ ਕਿਹਾ ‘ਹੁਣ ਬਿਜ਼ੀ ਟਾਈਮ ਐ ਕਦੇ ਫੇਰ ਸਹੀ’ ਤੇ ਆਪਾਂ ਡੰਡੀ ਪਏ।”

ਫੇਰ ਇੱਕ ਦਿਨ ਮਿਲਿਆ ਕਹਿੰਦਾ, “ਗੋਰੀ ਕੌਮ ਤਾਂ ਬੱਸ ਤਬਾਹ ਹੋਈ ਸਮਝ।”

“ਕਿਵੇਂ?” ਮੈਂ ਹੈਰਾਨੀ ਨਾਲ ਪੁੱਛਿਆ।

ਟੈਕਸੀਨਾਮਾ/31