ਪੰਨਾ:ਟੈਕਸੀਨਾਮਾ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਆਸੀ ਸਵਾਰੀ ਦਾ ਧਰਮ-ਸੰਕਟ

ਉਸਦੇ ਕਾਲਾ ਲੰਮਾ ਕੋਟ ਪਾਇਆ ਹੋਇਆ ਸੀ। ਉਸ ਕੋਲ ਕੋਈ ਸੂਟਕੇਸ ਜਾਂ ਕੋਈ ਹੋਰ ਸਮਾਨ ਨਹੀਂ ਸੀ। ਉਸ ਨੇ ਹੱਥ ਚੁੱਕ ਕੇ ਇਸ਼ਾਰਾ ਕੀਤਾ। ‘ਮਿਲਗੀ ਸ਼ੌਰਟੀ,’ ਸੋਚਕੇ ਮੈਂ ਬੇਦਿਲੀ ਨਾਲ ਟੈਕਸੀ ਦਰਵਾਜ਼ੇ ਦੇ ਨੇੜੇ ਉਸ ਆਦਮੀ ਦੇ ਕੋਲ ਲੈ ਗਿਆ। ਟੈਕਸੀ ‘ਹੋਟਲ ਵੈਨਕੂਵਰ’ ਦੇ ਮੂਹਰੇ ਲਾਈ ਹੋਈ ਸੀ। ਸਵੇਰ ਦੇ ਪੰਜ ਵਜੇ ਦਾ ਟਾਈਮ ਸੀ। ਉਸ ਨੂੰ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਕੋਈ ਹੋਰ ਨਹੀਂ ਸਗੋਂ ਬੀ ਸੀ ਦਾ ਸਾਬਕਾ ਪ੍ਰੀਮੀਅਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਉੱਜਲ ਦੁਸਾਂਝ ਸੀ। ਉਸ ਨੇ ਪਿਛਲਾ ਦਰਵਾਜ਼ਾ ਖੋਲ੍ਹ ਕੇ ਵਿਚ ਬੈਠਦੇ ਨੇ ਸਾਊਥ ਵੈਨਕੂਵਰ ਦਾ ਪਤਾ ਦੱਸਿਆ। ਮੇਰੇ ਲਈ ਅਚੇਤ ਹੀ ਉਹ ਇਕ ਖਾਸ ਸਵਾਰੀ ਬਣ ਗਈ। ਮੈਂ ਰਾਜਨੀਤਕ ਨੇਤਾਵਾਂ ਜਾਂ ਹੋਰ ਮਸ਼ਹੂਰ ਲੋਕਾਂ ਨਾਲ ਹੱਥ ਮਿਲਾਉਣ ਜਾਂ ਫੋਟੋ ਖਿਚਵਾਉਣ ਲਈ ਤਾਂਘੜ ਕੇ ਅਗਾਂਹ ਨਹੀਂ ਹੁੰਦਾ, ਸਗੋਂ ਇਕ-ਦੂਜੇ ਨੂੰ ਪਿਛਾਂਹ ਧੱਕ ਕੇ ਮੁਹਰੇ ਹੋਣ ਵਾਲਿਆਂ 'ਤੇ ਚਿੱਤ 'ਚ ਹੱਸਦਾ ਹਾਂ। ਪਰ ਉੱਜਲ ਦੁਸਾਂਝ ਦਾ ਟੈਕਸੀ ਵਿਚ ਬੈਠਣਾ ਪਤਾ ਨਹੀਂ ਕਿਓਂ ਮੈਨੂੰ ਅਚੰਭਿਤ ਕਰ ਰਿਹਾ ਸੀ। ਜਦੋਂ ਤੋਂ ਉਹ ਖੱਬੇ-ਪੱਖੀ ਸਮਝੀ ਜਾਂਦੀ ਐਨ ਡੀ ਪੀ ਪਾਰਟੀ ਨੂੰ ਛੱਡ ਕੇ ਸੈਂਟਰਲ ਅਖਵਾਉਂਦੀ ਲਿਬਰਲ ਪਾਰਟੀ ਵਿਚ ਚਲਾ ਗਿਆ ਸੀ, ਮੇਰੇ ਲਈ ਓਨਾ ਸਤਿਕਾਰਯੋਗ ਵੀ ਨਹੀਂ ਸੀ ਰਿਹਾ। ਫਿਰ ਵੀ ਪਤਾ ਨਹੀਂ ਕਿਓਂ ਮੈਂ ਉਤੇਜਿਤ ਹੋ ਰਿਹਾ ਸੀ। ਸਗੋਂ ਮੈਂ ਤਾਂ ਕਿਰਾਏ ਵਾਲਾ ਮੀਟਰ ਚਲਾਉਣਾ ਵੀ ਭੁੱਲ ਗਿਆ। ਛੇਤੀ ਵਿਚ ਮੈਂ ਸੋਚਿਆ ਕਿ ਉਸ ਨਾਲ ਕੀ ਗੱਲ ਸ਼ੁਰੂ ਕੀਤੀ ਜਾਵੇ; ਉਸਦਾ ਪਾਰਟੀ ਬਦਲਣਾ ਜਾਂ ਕੁਝ ਹਫਤੇ ਪਹਿਲਾਂ ਇੱਕ ਕਿਤਾਬ ਦੇ ਰੀਲੀਜ਼ ਸਮਾਰੋਹ ਮੌਕੇ ਦਿੱਤੀ ਉਸਦੀ ਤਕਰੀਰ, ਜਿਸ ਨੂੰ ਸੁਣ ਕੇ ਮੈਨੂੰ ਦੁੱਖ ਹੋਇਆ ਸੀ। ਮੈਂ ਝੱਟ ਫੈਸਲਾ ਕਰ ਲਿਆ ਕਿ ਤਕਰੀਰ ਵਾਲੀ ਗੱਲ ਹੀ ਸ਼ੁਰੂ ਕਰਾਂ। ਪਾਰਟੀ ਬਦਲਣ ਵਾਲੀ ਗੱਲ ਬਾਰੇ ਉਹ ਕੋਈ ਰਾਜਨੀਤਕ ਜਿਹਾ ਜਵਾਬ ਹੀ ਦੇਵੇਗਾ, ਜਿਹੜਾ ਕਿ ਉਹ ਕਈ ਵਾਰ ਰੇਡੀਓ, ਟੀ ਵੀ ਵਾਲਿਆਂ ਨੂੰ ਦੇ ਚੁੱਕਾ ਸੀ। ਹਾਓ ਸਟਰੀਟ ’ਤੇ ਟੈਕਸੀ ਮੋੜਦਿਆਂ ਮੈਂ ਬਿਨਾਂ ਕਿਸੇ ਭੂਮਿਕਾ ਆਖ ਦਿੱਤਾ, “ਦੁਸਾਂਝ ਸਾਹਬ ਕੁਝ ਹਫ਼ਤੇ ਪਹਿਲਾਂ ਤੁਸੀਂ ਸੋਹਣ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ' ਦੇ ਰਲੀਜ਼ ਸਮਾਗਮ ਮੌਕੇ ਕਿਹਾ ਸੀ ਕਿ ਉਹ

ਪੰਜਾਬੀ ਦੀ ਪਹਿਲੀ ਕਿਤਾਬ ਹੈ, ਜਿਹਨੂੰ ਲੇਖਕ ਨੇ ਪੱਲਿਓਂ ਖਰਚ ਕੇ ਨੀ

ਟੈਕਸੀਨਾਮਾ/49