ਪੰਨਾ:ਟੈਕਸੀਨਾਮਾ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਣੋਂ ਕਤਰਾ ਰਿਹਾ ਹੈ। ਮੈਨੂੰ ਖਿਝ ਚੜ੍ਹਨ ਲੱਗੀ। “ ਫਿਰ ਜਿਹੜਾ ਬਿਆਨ ਤੁਸੀਂ ਪਹਿਲਾਂ ਐਚ ਐਸ ਟੀ ਦੇ ਵਿਰੋਧ ਵਿਚ ਦਿੱਤਾ ਸੀ ਉਹ ਆਪਣੀ ਪਾਰਟੀ ਦੇ ਸਟੈਂਡ ਨੂੰ ਜਾਣੇ ਬਿਨਾਂ ਹੀ ਪਬਲਿਕ ਸਪੋਰਟ ਲੈਣ ਲਈ ਦਿੱਤਾ ਸੀ?” ਉਸ ਦੇ ਫੋਨ ਨੂੰ ਕੰਨ ਨਾਲ ਲਾਉਂਦਿਆਂ-ਲਾਉਂਦਿਆਂ ਹੀ ਮੈਂ ਇੱਕ ਹੋਰ ਗੋਲ਼ਾ ਦਾਗ ਦਿੱਤਾ। ਮੈਂ ਉਡੀਕ ਕਰਨ ਲੱਗਾ ਕਿ ਕਦੋਂ ਉਹ ਫੋਨ ਤੋਂ ਵੇਹਲਾ ਹੁੰਦਾ ਹੈ। ਉਸ ਦੇ ਫੋਨ 'ਤੇ ਗੱਲ ਕਰਦਿਆਂ ਹੀ ਉਸ ਨੂੰ ਵਿੱਚੇ ਹੋਰ ਕਾਲ ਆ ਗਈ। ਉਸਦਾ ਟਿਕਾਣਾ ਨੇੜੇ ਆ ਰਿਹਾ ਸੀ ਪਰ ਉਸ ਦਾ ਫੋਨ ਬੰਦ ਨਹੀਂ ਸੀ ਹੋ ਰਿਹਾ। ਮੈਨੂੰ ਇਹ ਸਮਾਂ ਅਜਾਈਂ ਹੀ ਜਾਂਦਾ ਲੱਗ ਰਿਹਾ ਸੀ। ਟਿਕਾਣੇ 'ਤੇ ਪਹੁੰਚ ਕੇ ਜਦ ਉਸ ਨੇ ਫੋਨ ਕੰਨ ਨਾਲੋਂ ਲਾਹਿਆ ਤਾਂ ਮੈਂ ਕਿਹਾ, “ਤੁਸੀਂ ਮੇਰੇ ਐੱਚ ਐੱਸ ਟੀ ਵਾਲੇ ਸਵਾਲ ਦਾ ਜਵਾਬ ਤਾਂ ਦਿੱਤਾ ਨੀ।” “ਓ, ਆਈ ਐਮ ਸੌਰੀ ਕੁਝ ਇੰਪੌਰਟੈਂਟ ਟੈਲੀਫੋਨ ਆ ਗਏ। ਤੁਸੀਂ ਕਦੇ ਫਿਰ ਸਮਾਂ ਕੱਢ ਕੇ ਮਿਲ ਲਿਓ," ਉਸ ਨੇ ਕਿਹਾ। ਫਿਰ ਪੂਰਾ ਕਰਾਇਆ ਦਿੰਦਿਆਂ ਬੋਲਿਆ, “ਮੈਨੂੰ ਪਤੈ ਐਨੇ ਕੁ ਚੱਲ ਜਾਂਦੇ ਆ। ਮੈਂ ਆਮ ਹੀ ਟੈਕਸੀ ਲੈਨਾ ਓਥੋਂ।” ਮੀਟਰ ਲੇਟ ਚਲਾਇਆ ਹੋਣ ਕਰਕੇ ਉਸ ਉੱਪਰ ਘੱਟ ਭਾੜਾ ਬਣਿਆ ਸੀ। ਪੂਰਾ ਕਿਰਾਇਆ ਲੈ ਕੇ ਵੀ ਮੈਨੂੰ ਕੋਈ ਖੁਸ਼ੀ ਨਾ ਹੋਈ।

ਇਸ ਬਾਰੇ ਮੈਂ ਕਾਫੀ ਦੇਰ ਸੋਚਦਾ ਰਿਹਾ। ਕੁਝ ਸਮੇਂ ਬਾਅਦ ਮੈਨੂੰ ਖਿਆਲ ਆਇਆ ਕਿ ਇਕ ਟੈਕਸੀ ਚਾਲਕ ਵਜੋਂ ਇਕ ਸਵਾਰੀ ਕੋਲ ਆਪਣੇ ਨਿੱਜੀ ਗਿਲੇ-ਸ਼ਿਕਵੇ ਕਰਨੇ ਜ਼ਾਇਜ ਹਨ? ਮੈਂਨੂੰ ਕੁਝ ਹਫ਼ਤੇ ਪਹਿਲਾਂ ਪੜ੍ਹੀ ਪੀਟਰ ਮਕਸੂਰੀ ਦੀ ਕਿਤਾਬ ‘ਮੀਨ ਸਟਰੀਟਸ : ਕਨਫੈਸ਼ਨਸ ਆਫ਼ ਏ ਨਾਈਟ ਟਾਈਮ ਟੈਕਸੀ ਡਰਾਈਵਰ' ਯਾਦ ਆਈ। ਉਸ ਵਿਚ ਲੇਖਕ ਨੇ ਕਿਹਾ ਹੈ ਕਿ ਟੈਕਸੀ ਡਰਾਈਵਰ ਨੂੰ ਮਸ਼ਹੂਰ ਹਸਤੀਆਂ ਨੂੰ ਇਕ ਸਵਾਰੀ ਵਜੋਂ ਬਣਦੀ ਸਰਵਿਸ ਦੇਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਪ੍ਰਤੀ ਆਪਣੇ ਗਿਲੇ ਜ਼ਾਹਰ ਕਰਨੇ ਚਾਹੀਦੇ ਹਨ। ਮੈਨੂੰ ਲੇਖਕ ਦੀ ਇਹ ਗੱਲ ਚੰਗੀ ਲੱਗੀ। ਮੈਂ ਸੋਚਣ ਲੱਗਾ ਕਿ ਉਜੱਲ ਦੁਸਾਂਝ ਨੇ ਇਸ ਰਾਈਡ ਦੀ ਕੀਮਤ ਤਾਰਨੀ ਸੀ। ਕੀ ਉਸਦਾ ਹੱਕ ਨਹੀਂ ਕਿ ਇਸ ਬਦਲੇ ਉਹ ਚੰਗੇ ਤੇ ਖੁਸ਼ਗਵਾਰ ਮਾਹੌਲ ਵਿਚ ਸਫ਼ਰ ਕਰਦਾ। ਮੈਂ ਬਾਕੀ ਸਵਾਰੀਆਂ ਨੂੰ ਖੁਸ਼ ਰੱਖਣ ਲਈ ਵੀ ਤਾਂ ਉਹੋ-ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਨਾਲ ਉਨ੍ਹਾਂ ਦਾ ਟੈਕਸੀ ਵਿਚਲਾ ਸਫ਼ਰ ਚੰਗਾ ਹੋਵੇ। ਜੇ ਉਹ ਫੋਨ ਵਗੈਰਾ 'ਤੇ ਰੁੱਝੇ ਹੋਣ ਤਾਂ ਮੈਂ ਚੁੱਪ ਕਰ ਜਾਂਦਾ ਹਾਂ। ਤੇ ਫਿਰ ਮੈ ਇਕ ਰਾਜਨੀਤੀਵਾਨ ਤੋਂ ਕਿਓਂ ਆਸ ਰੱਖੀ ਕਿ ਉਹ ਮੇਰੇ ਸਵਾਲਾਂ ਦਾ ਜ਼ਰੂਰ ਹੀ ਜਵਾਬ ਦੇਵੇ? ਉਸਨੇ ਇਕ

ਸਵਾਰੀ ਵਜੋਂ ਮੇਰੇ ਕੀ ਮਾਂਹ ਮਾਰੇ ਸਨ?

ਟੈਕਸੀਨਾਮਾ/51