ਪੰਨਾ:ਟੈਕਸੀਨਾਮਾ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੀਡੀ ਡੌਗ

ਉਹ ਜਿਸ ਟੈਕਸੀ ਕੰਪਨੀ ਵਿੱਚੋਂ ਟੈਕਸੀ ਚਲਾਉਣੀ ਛੱਡ ਕੇ ਆਇਆ ਸੀ, ਉਸ ਕੰਪਨੀ ਦੇ ਡਰਾਈਵਰ ਉਸ ਨੂੰ ‘ਗਰੀਡੀ ਡੌਗ' ਆਖਦੇ ਸਨ। ਇਸ ਬਾਰੇ ਨਵੀਂ ਕੰਪਨੀ, ਜਿੱਥੇ ਉਹ ਹੁਣ ਟੈਕਸੀ ਚਲਾਉਂਦਾ ਸੀ ਦੇ ਬਹੁਤ ਥੋੜ੍ਹੇ ਡਰਾਈਵਰਾਂ ਨੂੰ ਪਤਾ ਸੀ। ਇਸ ਕੰਪਨੀ ਦੇ ਡਰਾਈਵਰ ਉਸ ਨੂੰ ‘ਬਲੈਕ ਜ਼ੀਰੋ ਟੈਕਸੀ' ਵਾਲਾ ਬਿੱਲ੍ਹਾ ਕਰਕੇ ਜਾਣਦੇ ਸਨ। ਬਿੱਲ੍ਹਾ ਰਾਤ ਦੀ ਸ਼ਿਫਟ ਟੈਕਸੀ ਚਲਾਉਂਦਾ। ਉਹ ਬਾਕੀ ਡਰਾਈਵਰਾਂ ਨਾਲੋਂ ਜਿਆਦਾ ਦਿਹਾੜੀ ਬਣਾਉਂਦਾ। ਚੌਥੇ ਕੁ ਦਿਨ ਉਹ ਸ਼ਿਫਟ ਖਤਮ ਹੋਣ ਵੇਲੇ ਕਿਸੇ ਨਾ ਕਿਸੇ ਡਰਾਈਵਰ ਨੂੰ ਦਾਰੂ ਪਿਲਾ ਦਿੰਦਾ। ਕਈ ਡਰਾਈਵਰ ਆਖਦੇ ਕਿ ਉਹ ਡਿਸਪੈਚਰਾਂ ਨੂੰ ਵੀ ਦਾਰੂ ਪਿਲਾਉਂਦਾ ਹੋਵੇਗਾ ਇਸੇ ਕਰਕੇ ਉਹ ਜਿਆਦਾ ਡਾਲਰ ਬਣਾਉਂਦਾ ਹੈ। ਪਰ ਧੰਨੇ ਦੇ ਇਹ ਗੱਲ ਹਜ਼ਮ ਨਾ ਹੁੰਦੀ। ਉਸ ਨੇ ਸੋਚਿਆ ਕਿ ਉਹ ਇਸ ਗੱਲ ਦਾ ਪਤਾ ਲਾ ਕੇ ਰਹੇਗਾ ਕਿ ਬਿੱਲ੍ਹੇ ਕੋਲ ਕਿਹੜੀ ਗਿੱਦੜਸਿੰਗੀ ਹੈ।

ਧੰਨਾ ਵੀ ਰਾਤ ਦੀ ਸਿਫਟ ਟੈਕਸੀ ਚਲਾਉਂਦਾ। ਉਸ ਨੇ ਦਾਰੂ ਦੀ ਬੋਤਲ ਲੈ ਕੇ ਆਪਣੀ ਕਾਰ ਵਿਚ ਰੱਖ ਲਈ। ਅਗਲੀ ਸਵੇਰ ਦੇ ਚਾਰ ਵਜੇ, ਜਦੋਂ ਰਾਤ ਦੀ ਸ਼ਿਫਟ ਖਤਮ ਹੁੰਦੀ, ਧੰਨੇ ਨੇ ਬਿੱਲ੍ਹੇ ਨੂੰ ਜਾ ਫੜਿਆ। ਧੰਨਾ ਕਹਿੰਦਾ, “ ਬੜੇ ਭਾਈ, ਅੱਗੇ ਤੇਰੇ ਤੋਂ ਪੀਵੀ ਦੀ ਐ, ਅੱਜ ਮੈਨੂੰ ਮੌਕਾ ਦੇ।”

“ਕੋਈ ਨੀ ਜੇ ਮੈਂ ਕਿਤੇ ਪਿਆ ’ਤੀ, ਤਾਂ ਕੀ ਹੋ ਗਿਆ!’ ਬਿੱਲ੍ਹਾ ਬੋਲਿਆ। ਧੰਨਾ ਕਹਿੰਦਾ, “ਤੇਰੀ ਖਾਤਰ ਸਪੈਸ਼ਲ ਲਿਆਂਦੀ ਐ। ਭਾਰ ਲਾਹੁਣ ਦਾ ਮੌਕਾ ਦੇ।”

ਉਹ ਦੋਹੇਂ ਧੰਨੇ ਦੀ ਕਾਰ ਵਿੱਚ ਜਾ ਬੈਠੇ। ਗਲਾਸਾਂ ’ਚ ਸ਼ਰਾਬ ਪਾਉਂਦਾ ਧੰਨਾ ਫਿਰ ਕਹਿੰਦਾ, “ਬੜੇ ਭਾਈ, ਆਹ ਤਾਂ ਬਹੁਤ ਚੰਗਾ ਕੀਤਾ, ਜਿਹੜਾ ਆਖੇਂ ਲੱਗ ਗਿਆ। ਕੁਛ ਤਾਂ ਭਾਰ ਹੌਲਾ ਹੋਊ। ਤੁੰ ਪੱਲਿਓਂ ਪਿਆ ਪਿਆ ਕੇ ਭਾਰ ਚੜ੍ਹਾਈ ਜਾਨੈ। ਅੱਜ ਤੈਨੂੰ ਖਾਣਾ ਵੀ ਖਵਾਉਨੈਂ। ਥੋੜ੍ਹਾ ਤਰਾਰੇ ’ਚ ਹੋ ਕੇ ਆਪਾਂ ਡੈਨੀਜ਼ ਰੈਸਟੋਰੈਂਟ ਚੱਲਦੇ ਆਂ।” ‘ਪੱਲਿਓ’ ਸ਼ਬਦ ’ਤੇ ਧੰਨੇ ਜੋਰ ਦਿੱਤਾ।

“ਅੱਜ ਤਾਂ ਯਾਰ, ਬੜਾ ਦਿਆਲ ਹੋਇਐਂ!” ਬਿੱਲ੍ਹਾ ਬੋਲਿਆ।

52/ ਟੈਕਸੀਨਾਮਾ