ਪੰਨਾ:ਟੈਕਸੀਨਾਮਾ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਸਾਡੀ ਦਿਆਲਤਾ ਕਾਹਦੀ ਬੜੇ ਭਾਈ, ਤੇਰੇ ਜਿੱਡਾ ਜਿਗਰਾ ਕਿੱਥੋਂ ਲਿਆਈਏ, ਜਿਹੜਾ ਚੌਥੇ ਕੁ ਦਿਨ ਜੱਗ ਕਰ ਦਿੰਨੈ।”

ਦੂਜੀ ਵਾਰ ਗਲਾਸ ਭਰਦਾ ਧੰਨਾ ਬੋਲਿਆ, “ਬੜੇ ਭਾਈ, ਕਈ ਕਹਿੰਦੇ ਆ ਕਿ ਤੂੰ ਤਾਂ ਡਰਾਈਵਰਾਂ ਨੂੰ ਪਿਆ ਦਿੰਨੈ ਫਿਰ ਡਿਸਪੈਚਰਾਂ ਨੂੰ ਕਿਓਂ ਨਾ ਪਿਆਉਂਦਾ ਹੋਵੇਂਗਾ! ਕੀ ਮਿਲਦੈ ਤੈਨੂੰ ਨਾਲੇ ਗੱਲਾਂ ਕਰਾਉਨੈਂ, ਨਾਲੇ ਪੱਲਿਓਂ ਖਰਚਾ ਕਰਦੈਂ।”

“ਤੈਨੂੰ ਦੱਸ ਦਿੰਨੈ ਪਰ ਕਿਸੇ ਕੋਲ ਗੱਲ ਨਾ ਕਰੀਂ। ਖਰਚਾ ਮੈਂ ਕੋਈ ਨੀ ਕਰਦਾ। ਇਓਂ ਈ ਬੱਸ ਹੱਥ ਲੱਗ ਜਾਂਦੀ ਐ ਦਾਰੂ ਕਦੇ-ਕਦਾਈਂ।”

“ਲੈ ਐਂ ਕਿਵੇਂ ਲੱਗ ਜਾਂਦੀ ਐ ਹੱਥ! ਐਵੇਂ ਕਰਦੈਂ ਤੂੰ।”

“ਕੋਈ ਨਾ ਕੋਈ ਸਵਾਰੀ ਛੱਡ ਜਾਂਦੀ ਐ।”

“ਹੱਦ ਹੋਗੀ! ਸਾਡੀ ਟੈਕਸੀ 'ਚ ਤਾਂ ਕਦੇ ਕੋਈ ਸਵਾਰੀ ਛੱਡ ਕੇ ਨੀ ਗਈ।”

“ਤੁਸੀਂ ਯਾਰ ਦਿਮਾਗ ਨੀ ਵਰਤਦੇ। ਆਪਾਂ ਤਾਂ ਜੁਗਤ ਵਰਤਦੇ ਆਂ। ਜਦੋਂ ਕਿਸੇ ਸਵਾਰੀ ਦੇ ਹੱਥ 'ਚ ਦੇਖੀਦੀ ਐ ਤਾਂ ਝੱਟ ਅਗਲੇ ਨੂੰ ਆਖ ਦੇਈਦੈ ਕਿ ਟੈਕਸੀ 'ਚ ਪੀਣੀ ਇਲੀਗਲ ਐ। ਪਿੱਛੇ ਟਰੰਕ 'ਚ ਰੱਖੋ। ਦਾਰੂ ਟਰੰਕ ’ਚ ਰਖਾ ਕੇ ਅਗਲੇ ਨੂੰ ਐਸਾ ਗੱਲਾਂ 'ਚ ਲਾਈਦੈ ਕਿ ਬਹੁਤੀ ਵਾਰੀ ਅਗਲਾ ਉਤਰਨ ਲੱਗਾ ਦਾਰੂ ਬਾਰੇ ਭੁੱਲ ਜਾਂਦੈ।”

“ਬੜਾ ਗੁਰੂ ਐਂ, ਬੜੇ ਭਾਈ ਤੂੰ ਤਾਂ!” ਆਖਦਾ ਧੰਨਾ ਹੱਸਿਆ।

ਦੂਜਾ ਗਲਾਸ ਖਾਲੀ ਕਰਦਿਆਂ ਕਰਦਿਆਂ ਧੰਨੇ ਨੇ ਬਿੱਲ੍ਹੇ ਦੇ ਮੋਢੇ 'ਤੇ ਹੱਥ ਮਾਰ ਕੇ ਦੋ-ਤਿੰਨ ਵਾਰ ‘ਤੂੰ ਤਾਂ ਬੜਾ ਦਿਮਾਗੀ ਬੰਦੈ” ਕਿਹਾ।

ਤੀਜਾ ਗਲਾਸ ਭਰ ਕੇ ਧੰਨਾ ਕਹਿੰਦਾ, “ਬੜੇ ਭਾਈ, ਅੱਜ ਫੇਰ ਕਿੰਨੇ ਬਣਾ ਕੇ ਲੈ ਚੱਲਿਐਂ?”

“ਪੌਣੇ ਤਿੰਨ ਸੌ ਐ।”

“ਮੇਰੇ ਬਣੇ ਐ ਸਵਾ ਦੋ ਸੌ। ਬੜੇ ਭਾਈ, ਜਿੱਦਣ ਮਰਜੀ ਪੁੱਛ ਲੀਏ, ਤੇਰੇ ਚਾਲੀ-ਪੰਜਾਹ ਵੱਧ ਬਣੇ ਹੁੰਦੇ ਆ। ਕੀ ਗਿੱਦੜਸਿੰਗੀ ਐ ਤੇਰੇ ਕੋਲ?”

“ਗਿੱਦੜਸਿੰਗੀ ਕੀ ਹੋਣੀ ਐ! ਦਿਮਾਗ ਵਰਤੀਦੈ।”

“ਬੜੇ ਭਾਈ, ਮੈਨੂੰ ਵੀ ਦੱਸ ਕੋਈ ਗੁਰ-ਮੰਤਰ।”

“ਰਾਤਾਂ ਨੂੰ ਸ਼ਰਾਬੀਆਂ ਨਾਲ ਵਾਹ ਪੈਂਦਾ, ਜਿੰਨੇ ਮਰਜ਼ੀ ਡਾਲੇ ਬਣਾਈ ਜਾਓ। ਅੱਜ ਈ ਮਿਲਿਆ ਇੱਕ ਸ਼ਰਾਬੀ। ਓਹਨੇ ਬਰਨਬੀ ਜਾਣਾ ਸੀ। ਮੈਂ ਟੈਕਸੀ ਤੋਰਨ ਤੋਂ ਪਹਿਲਾਂ ਹੀ ਕਰਾਇਆ ਮੰਗ ਲਿਆ। ਉਸ ਤੋਂ ਵੀਹਾਂ ਦਾ ਨੋਟ ਲੈ ਕੇ ਮੈਂ ਟੈਕਸੀ ਤੋਰ ਲਈ। ਜਦੋਂ ਓਹਦੇ ਟਿਕਾਣੇ ’ਤੇ ਪਹੁੰਚੇ ਤਾਂ ਮੈਂ ਫੇਰ ਕਰਾਇਆ ਮੰਗ ਲਿਆ। ਓਹ ਕਹੇ ਮੈਂ ਪਹਿਲਾਂ ਹੀ ਤੈਨੂੰ ਵੀਹ ਡਾਲਰ ਦਿੱਤੇ ਆ। ਮੈਂ ਮੂਹਰੋਂ ਹੱਸ

ਕੇ ਆਖ ਦਿੱਤਾ ਕਿ ਸ਼ਰਾਬ ਤਾਂ ਤੂੰ ਪੀਤੀ ਐ ਤੇ ਸ਼ਰਾਬੀ ਤੂੰ ਮੈਨੂੰ ਸਮਝੀ ਜਾਨੈਂ।

ਟੈਕਸੀਨਾਮਾ/53