ਪੰਨਾ:ਟੈਕਸੀਨਾਮਾ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੋਂ ਦਿੱਤੇ ਸੀ ਵੀਹ ਡਾਲਰ। ਓਹ ਜੀ ਮੰਨ ਗਿਆ। ਕਹਿੰਦਾ ਭੁਲੇਖਾ ਲੱਗ ਗਿਆ ਹੋਊ।”

“ਕੀ ਕਹਿਣੇ ਬੜੇ ਭਾਈ, ਤੇਰੇ," ਧੰਨੇ ਨੇ ਤਾੜੀ ਮਾਰੀ। ਬਿੱਲ੍ਹਾ ਚਾਂਭਲ ਗਿਆ। ਕਹਿੰਦਾ, “ ਲੈ ਕੱਲ੍ਹ ਦੀ ਸੁਣ ਲੈ। ਇੱਕ ਬੰਦੇ ਨੂੰ ਡਾਊਨ-ਟਾਊਨ 'ਚੋਂ ਚੁੱਕਿਆ। ਓਹਨੇ ਬਰਾਡਵੇ 'ਤੇ ਜਿਹੜਾ ਹੌਲੀ ਡੇਅ ਇੰਨ ਹੋਟਲ ਐ, ਓਥੇ ਜਾਣਾ ਸੀ। ਕਿਸੇ ਬਾਹਰਲੇ ਸ਼ਹਿਰ ਤੋਂ ਲੱਗਦਾ ਸੀ। ਓਹ ਫੋਨ 'ਤੇ ਕਿਸੇ ਨਾਲ ਗੱਲੀਂ ਲੱਗਾ ਸੀ। ਟ੍ਰਿੱਪ ਛੋਟਾ ਸੀ। ਮੈਂ ਸੋਚਿਆ ਏਹਨੂੰ ਥੋੜਾ ਵਲ ਕੇ ਲਿਆਓਨੇ ਆ। ਮੈਂ ਕੈਂਬੀ ਬ੍ਰਿਜ ਤੋਂ ਛੇ ਐਵੀਨਿਊ ਪਾ ਕੇ ਓਕ ਸਟਰੀਟ ਪਾ ਲਈ। ਮੇਰਾ ਵਿਚਾਰ ਸੀ ਬਈ ਕਿੰਗ ਇਡਵਰਡ ਸਟਰੀਟ ਪਾ ਕੇ ਫੇਰ ਬਰਾਡਵੇ ਵੱਲ ਮੋੜ ਕੇ ਲਿਆਊਂਗਾ। ਉਹ ਫੋਨ ’ਤੇ ਗੱਲੀਂ ਰੁੱਝਿਆ ਵਾ ਸੀ। ਜਦੋਂ ਟੈਕਸੀ ਸੋਲਾਂ ਐਵੀਨਿਊ 'ਤੇ ਪਹੁੰਚੀ ਤਾਂ ਓਹਦੀ ਨਿਗਾ ਬਾਹਰ ਵੱਲ ਗਈ। ਉਹ ਕਹਿੰਦਾ, ‘ਕਿੱਧਰ ਲੈ ਚੱਲਿਐਂ?’ ਮੈਨੂੰ ਲੱਗ ਗਿਆ ਪਤਾ ਬਈ ਏਹਨੂੰ ਰਾਹ ਦਾ ਪਤੈ। ਜੇ ਕੋਈ ਹੋਰ ਡਰੈਵਰ ਹੁੰਦਾ ਤਾਂ ਥਿੜਕ ਜਾਂਦਾ। ਮੈਂ ਜੁਗਤ ਵਰਤੀ। ਮੈਂ ਟੈਕਸੀ ਪਾਸੇ ਕਰਕੇ ਖੜ੍ਹਾ ਲਈ। ਦੋ ਕੁ ਵਾਰ ਸਿਰ ਨੂੰ ਝਟਕਿਆ। ਫੇਰ ਰੋਣਹਾਕੀ ਆਵਾਜ਼ ਬਣਾ ਕੇ ਓਸ ਨੂੰ ‘ਸੌਰੀ’ ਕਿਹਾ। ਤੇ ਫੇਰ ਸਟੋਰੀ ਬਣਾ ਕੇ ਓਹਨੂੰ ਦੱਸ ਦਿੱਤੀ। ਮੈਂ ਕਿਹਾ ਬਈ ਮੇਰੇ ਘਰਵਾਲੀ ਕੈਂਸਰ ਹਸਪਤਾਲ 'ਚ ਪਈ ਐ। ਦੋ ਰਾਤਾਂ ਤੋਂ ਮੈਂ ਸੁੱਤਾ ਨੀ। ਹਮੇਸ਼ਾ ਧਿਆਨ ਓਸੇ 'ਚ ਰਹਿੰਦਾ। ਏਸੇ ਕਰਕੇ ਟੈਕਸੀ ਕੈਂਸਰ ਹਸਪਤਾਲ ਵੱਲ ਲੈ ਚੱਲਿਆ ਸੀ। ਦੋ ਵਾਰ ਫੇਰ ਓਹ ਨੂੰ ‘ਸੌਰੀ’ ਕਿਹਾ। ਓਸ ਬੰਦੇ ਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਹੌਂਸਲਾ ਦਿੱਤਾ। ਫੇਰ ਹੋਟਲ ਪਹੁੰਚ ਕੇ ਵੀਹ ਡਾਲਰ ਟਿੱਪ ਦੇ ਕੇ ਗਿਆ। ਕਹਿੰਦਾ ਘਰ ਜਾ ਕੇ ਘੜੀ ਸੌਂ ਆ।”

“ਬੜੇ ਭਾਈ, ਬੜੀ ਕੁੱਤੀ ਸ਼ੈਅ ਐਂ ਤੂੰ। ਤੈਨੂੰ ਮੌਕੇ 'ਤੇ ਐਹੋ ਜੀਆਂ ਅਹੁੜਦੀਐਂ ਕਿਵੇਂ ਐਂ! ਕਮਾਲ ਐ ਬੜੇ ਭਾਈ! ਤੈਨੂੰ ਤਾਂ ਵਕੀਲ-ਵਕੂਲ ਬਨਣਾ ਚਾਹੀਦਾ ਸੀ।”

ਬਿੱਲ੍ਹਾ ਹੋਰ ਖੁਸ਼ ਹੋ ਗਿਆ।

“ਲੈ ਚੁੱਕ ਬੜੇ ਭਾਈ, ਫੇਰ ਤੈਨੂੰ ਖਾਣਾ ਵੀ ਖਵਾਉਣੈ। ਜੇ ਤੇਰੀ ਸੇਵਾ ਕਰਾਂਗੇ ਤਾਂ ਹੀ ਤੂੰ ਨਵੇਂ-ਨਵੇਂ ਗੁਰ ਦੱਸੇਂਗਾ!” ਆਖ ਕੇ ਧੰਨੇ ਨੇ ਬਿੱਲ੍ਹੇ ਵੱਲ ਦੇਖਿਆ। ਉਸ ਨੂੰ ਪੂਰਾ ਖੁਸ਼ ਦੇਖ ਕੇ ਫਿਰ ਬੋਲਿਆ, “ਬੜੇ ਭਾਈ, ਤੂੰ ਉਹ ਕੁੱਤੇ ਵਾਲੀ ਗੱਲ ਵੀ ਸੁਣਾ। ਉੱਡਦੀ ਜੀ ਆਸਿਓਂ-ਪਾਸਿਓਂ ਗੱਲ ਸੁਣੀ ਸੀ ਪਰ ਤੂੰ ਪੂਰੀ ਸੁਣਾ।”

“ਓਹ, ਅੱਛਾ ਅੱਛਾ। ਓਹ ਤਾਂ ਪੁਰਾਣੀ ਗੱਲ ਐ, ਯਾਰ।”

“ਕੋਈ ਨੀ ਪੁਰਾਣੀ ਕੀ ਕਹਿੰਦੀ ਐ। ਤੂੰ ਸੁਣਾ। ਹੋਊਗੀ ਉਹ ਵੀ ਸਿਰੇ ਸੱਟ ਈ।”

“ਉਹ ਗੱਲ ਏਦਾਂ ਸੀ ਕਿ ਮੈਨੂੰ ਇੱਕ ਵਾਰੀ ਖਾਣਾ ਡਲਿਵਰ ਕਰਨ ਦਾ

54/ ਟੈਕਸੀਨਾਮਾ