ਪੰਨਾ:ਟੈਕਸੀਨਾਮਾ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟ੍ਰਿੱਪ ਮਿਲਿਆ। ਮੈਂ ਰੈਸਟੋਰੈਂਟ ਤੋਂ ਖਾਣਾ ਚੁੱਕ ਕੇ ਹਾਲੇ ਚੱਲਿਆ ਹੀ ਸੀ ਕਿ ਰਾਹ 'ਚ ਮੈਨੂੰ ਇੱਕ ਫਲੈਗ ਮਿਲ ਗਿਆ। ਮੈਂ ਪਹਿਲਾਂ ਹੀ ਸੋਚਦਾ ਜਾਂਦਾ ਸੀ ਕਿ ਕੋਈ ਓਧਰ ਨੂੰ ਜਾਂਦਾ ਫਲੈਗ ਮਿਲ ਜੇ ਤਾਂ ਸਵਾਦ ਈ ਆ ਜੇ। ਮੈਂ ਟੈਕਸੀ ਰੋਕ ਲਈ। ਬੰਦੇ ਦੇ ਨਾਲ ਇੱਕ ਨਿੱਕਾ ਜਿਹਾ ਕੁੱਤਾ ਸੀ। ਉਹ ਕਹਿੰਦਾ ਕਿ ਏਸ ਕੁੱਤੇ ਨੂੰ ਘਰ ਪਚਾਉਨੈਂ। ਕਹਿੰਦਾ ਬਹੁਤ ਚੰਗਾ ਕੁੱਤਾ ਐ, ਜਿੱਥੇ ਬੈਠਾਤਾ ਓਥੇ ਹੀ ਬੈਠਾ ਰਹਿਨੈਂ ਏਹਨੇ। ਨਾਲ ਹੀ ਓਸ ਬੰਦੇ ਨੇ ਵੀਹਾਂ ਦਾ ਨੋਟ ਦਿਖਾ 'ਤਾ। ਵੀਹ ਤਾਂ ਓਦੋਂ ਏਅਰਪੋਰਟ ਦੇ ਮਸਾਂ ਚੱਲਦੇ ਸੀ। ਮੈਂ ਕਿਹਾ ਠੀਕ ਐ ਲੈ ਚੱਲਦੇ ਆਂ। ਮੈਂ ਖਾਣਾ ਵੀ ਓਧਰਲੇ ਪਾਸੇ ਹੀ ਡਲਿਵਰ ਕਰਨਾ ਸੀ। ਮੈਂ ਜੀ ਟੈਕਸੀ ਦਾ ਪਿਛਲਾ ਦਰਵਾਜਾ ਖੋਲ੍ਹ ਦਿੱਤਾ। ਓਸ ਬੰਦੇ ਨੇ ਪਿਛਲੀ ਸੀਟ ਦੇ ਪੈਰਾਂ 'ਚ ਕੁੱਤੇ ਨੂੰ ਬੈਠਾ ਦਿੱਤਾ। ਕੁੱਤੇ ਨੇ ਓਥੋਂ ਨਾ ਹਿੱਲਣ ਦੀ ਤਾੜਨਾ ਵੀ ਕਰ ਗਿਆ। ਮੈਂ ਟੈਕਸੀ ਹਾਲੇ ਤੋਰੀ ਹੀ ਸੀ ਕੇ ਕਿ ਕੁੱਤੇ ਨੇ ਟਪੂਸੀ ਮਾਰ ਕੇ ਮੂਹਰਲੀ ਸੀਟ ’ਤੇ ਪਏ ਖਾਣੇ ਨੂੰ ਸੰਨ੍ਹ ਲਾ ਲਈ। ਮੈਂ ਇਕ ਦਮ ਈ ਘਬਰਾ ਗਿਆ। ਕੁੱਤੇ ਨੂੰ ਹਟਾਉਣ ਲਈ ਓਹਦੇ ਮਾਰਿਆ ਤੇ ਟੈਕਸੀ ਪਾਸੇ ਨੂੰ ਕਰ ਕੇ ਰੋਕ ਲਈ। ਕੁੱਤਾ ਖੁਲ੍ਹੇ ਸ਼ੀਸ਼ੇ ਰਾਹੀਂ ਛਾਲ ਮਾਰ ਕੇ ਬਾਹਰ ਭੱਜ ਗਿਆ। ਮੈਂ ਬਥੇਰੀਆਂ ਬੁਸ਼ਕਰਾਂ ਮਾਰੀਆਂ ਪਰ ਉਹ ਆਵਦੇ ਮਾਲਕ ਵੱਲ ਦੌੜ ਗਿਆ। ਮੈਂ ਛੇਤੀ-ਛੇਤੀ ਆ ਕੇ ਟੈਕਸੀ ਤੋਰ ਲਈ। ਮੈਨੂੰ ਡਰ ਸੀ ਕਿ ਅਗਲਾ ਆਵਦੇ ਵੀਹ ਡਾਲਰ ਨਾ ਮੁੜਵਾ ਲਵੇ। ਮੇਰੀ ਨਿਗ੍ਹਾ ਖਾਣੇ ਵਾਲੀ ਟ੍ਰੇਅ ’ਤੇ ਪਈ ਤਾਂ ਸੋਚਿਆ ਕਿ ਹੁਣ ਕੀ ਕਰਾਂ? ਕੁੱਤੇ ਨੇ ਟ੍ਰੇਅ ਉੱਪਰਲਾ ਫੌਇਲ ਪੇਪਰ ਪਾੜ ਦਿੱਤਾ ਸੀ। ਉਹ ਮੀਟ ਦਾ ਪੀਸ ਵੀ ਲੈ ਗਿਆ ਸੀ। ਖਾਣੇ ਵਾਲੇ ਖਾਣਾ ਉਡੀਕਦੇ ਸੀ। ਡਿਸਪੈਚਰ ਦੇਰੀ ਦਾ ਕਾਰਣ ਪੁੱਛਣ ਲੱਗਾ ਤਾਂ ਘਬਰਾਏ ਦੇ ਮੂੰਹੋਂ ਨਿਕਲ ਗਿਆ ਕਿ ਖਾਣਾਂ ਤਾਂ ਠੀਕ ਹੈ ਪਰ ਕੁੱਤਾ ਭੱਜ ਗਿਆ। ਡਿਸਪੈਚਰ ਹੈਰਾਨ ਸੀ ਕਿ ਇਹ ਕੁੱਤਾ ਕਿਧਰੋਂ ਆ ਗਿਆ। ਮੇਰੀ ਸੁਰਤ ਜਦੋਂ ਟਿਕਾਣੇ ਸਿਰ ਆਈ ਤਾਂ ਮੈਂ ਜੁਗਤ ਵਰਤੀ। ਸਟੋਰ ਤੋਂ ਨਵਾਂ ਫੌਇਲ ਪੇਪਰ ਖ੍ਰੀਦ ਕੇ ਟ੍ਰੇਅ ਢੱਕ ਕੇ ਡਲਿਵਰ ਕਰ ’ਤੀ।”

“ਓਹ ਬੱਲੇ-ਬੱਲੇ, ਬੜੇ ਭਾਈ ਤੂੰ ਤਾਂ ਬੜਾ ਵੱਡਾ ਗਰੀਡੀ ਡੌਂਗ ਐਂ!” ਆਖ ਕੇ ਧੰਨਾ ਹੱਸਿਆ।

‘ਗਰੀਡੀ ਡੌਗ' ਸੁਣ ਕੇ ਬਿੱਲ੍ਹਾ ਝੇਂਪ ਗਿਆ। ਉਸ ਨੂੰ ਸਮਝ ਨਾ ਲੱਗੀ

ਕੇ ਕਿ ਧੰਨੇ ਨੇ ਪ੍ਰਸੰਸਾ ਕੀਤੀ ਸੀ ਜਾਂ ਟਾਂਚ ਲਾਈ ਸੀ।

ਟੈਕਸੀਨਾਮਾ/55