ਪੰਨਾ:ਟੈਕਸੀਨਾਮਾ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਬੇ-ਰੰਗ-ਰਸ ਸਿਫ਼ਟ

ਮੈਂ ਸਵੇਰੇ ਦੋ ਵੱਜ ਕੇ ਪੰਜਾਹ ਮਿੰਟ ’ਤੇ ਜਾਗਦਾ ਹਾਂ ਅਤੇ ਤਿੰਨ ਪਚਵੰਜਾ 'ਤੇ ਟੈਕਸੀ ਮਾਲਕ ਦੇ ਘਰ ਮੂਹਰੇ ਪਹੁੰਚ ਜਾਂਦਾ ਹਾਂ। ਉੱਥੇ ਪਹਿਲਾਂ ਹੀ ਟੈਕਸੀ ਖੜ੍ਹੀ ਦੇਖ ਕੇ ਮੈਨੂੰ ਚੰਗਾ ਲੱਗਦਾ ਹੈ। ਸਵੇਰ ਦੇ ਉਸ ਵਕਤ ਉਡੀਕ ਕਰਨੀ ਬਹੁਤ ਹੀ ਔਖੀ ਲਗਦੀ ਹੈ; ਭਾਵੇਂ ਦੋ ਮਿੰਟ ਦੀ ਹੀ ਉਡੀਕ ਕਿਓਂ ਨਾ ਹੋਵੇ। ਟੈਕਸੀ ਦਾ ਦਰਵਾਜ਼ਾ ਖੋਹਲਦਾ ਹਾਂ ਤਾਂ ਕਾਰ ਵਿੱਚੋਂ ਮੁਸ਼ਕ ਦੀ ਭਬਕ ਨੱਕ ਨੂੰ ਚੜ੍ਹਦੀ ਹੈ। ਮੇਰਾ ਜੀਅ ਕਰਦਾ ਹੈ ਕਿ ਟੈਕਸੀ ਦੇ ਸ਼ੀਸ਼ੇ ਖੋਹਲ ਦੇਵਾਂ ਪਰ ਬਾਹਰ ਮੀਂਹ ਪੈ ਰਿਹਾ ਹੈ। ਗਲੱਵ ਕੰਪਾਰਟਮੈਂਟ ਵਿਚ ਦੇਖਦਾ ਹਾਂ ਜੇ ਏਅਰ ਫਰੈਸ਼ਨਰ ਸਪਰੇਅ ਪਈ ਹੋਵੇ। ਉਥੇ ਸਟਰਾਅ ਬੇਰੀ ਸੈਂਟ ਦੀ ਸਪਰੇਅ ਪਈ ਹੈ। ਇਹ ਸੈਂਟ ਮੈਨੂੰ ਚੰਗਾ ਨਹੀਂ ਲੱਗਦਾ। ਪਰ ਉਹ ਟੈਕਸੀ ਵਿੱਚੋਂ ਆ ਰਹੀ ਭੈੜੀ ਬੋਅ ਨਾਲੋਂ ਤਾਂ ਬੇਹਤਰ ਹੀ ਹੋਵੇਗਾ ਇਹ ਸੋਚਕੇ ਮੈਂ ਟੈਕਸੀ ਅੰਦਰ ਛਿੜਕ ਦਿੰਦਾ ਹਾਂ। ਟੈਕਸੀ ਵਿਚ ਆਪਣੀ ਫੋਟੋ ਵਾਲਾ ਪਛਾਣ ਪੱਤਰ ਟੰਗ ਕੇ ਮੈਂ ਕੰਪਿਊਟਰ ਸਕਰੀਨ ਔਨ ਕਰ ਕੇ ਆਪਣਾ ਪਾਸਵਰਡ ਪਾ ਦਿੰਦਾ ਹਾਂ। ਟੈਕਸੀ ਨੂੰ 180 ਤੇ 150 ਜ਼ੋਨ ਵਿਚ ਬੁੱਕ ਕਰ ਦਿੰਦਾ ਹਾਂ। ਫਿਰ ਨਵੀਂ ਟ੍ਰਿੱਪ ਸ਼ੀਟ ਕੱਢ ਕੇ ਉਸ ਵਿਚ ਕਿਰਾਏ ਵਾਲੇ ਮੀਟਰ 'ਤੇ ਪਹਿਲਾਂ ਚੱਲਿਆ ਕਿਰਾਇਆ, ਕੁਲ ਕਿਲੋਮੀਟਰ, ਕਿਰਾਏ ਵਾਲੇ ਕਿਲੋਮੀਟਰ, ਕੰਮ ਸ਼ੁਰੂ ਕਰਨ ਦਾ ਸਮਾਂ, ਟੈਕਸੀ ਨੰਬਰ ਤੇ ਆਪਣਾ ਨਾਂ ਪਤਾ ਭਰ ਕੇ ਟੈਕਸੀ ਤੋਰ ਲੈਂਦਾ ਹਾਂ। ਮੇਰਾ ਵਿਚਾਰ ਹੈ ਕਿ ਸਿੱਧਾ ਡਾਊਨ-ਟਾਊਨ ਵੱਲ ਜਾਵਾਂਗਾ। ਰਾਹ ਵਿਚ ਜੇ ਬੁੱਕ ਕੀਤੇ ਜ਼ੋਨਾਂ ਵਿੱਚੋਂ ਕੋਈ ਟ੍ਰਿੱਪ ਮਿਲ ਗਿਆ ਤਾਂ ਠੀਕ ਨਹੀਂ ਤਾਂ ਸਿੱਧਾ ਡਾਊਨ-ਟਾਊਨ ਦੇ ਕਿਸੇ ਹੋਟਲ ਮੂਹਰੇ ਜਾ ਲਾਵਾਂਗਾ, ਉਥੋਂ ਕਈ ਵਾਰ ਸਵੇਰੇ ਸਵੇਰੇ ਲੰਮਾ ਟ੍ਰਿੱਪ ਮਿਲ ਜਾਂਦਾ ਹੈ। ਪਰ ਮੈਨੂੰ 150 ਜ਼ੋਨ ਵਿੱਚੋਂ ਹੀ ਟ੍ਰਿੱਪ ਮਿਲ ਜਾਂਦਾ ਹੈ। ਮੈਂ ਦੋ-ਤਿੰਨ ਮਿੰਟਾਂ ਵਿਚ ਹੀ ਉਸ ਅਪਾਰਟਮੈਂਟ ਦੇ ਮੂਹਰੇ ਪਹੁੰਚ ਜਾਂਦਾ ਹਾਂ। ਕੰਪਿਊਟਰ 'ਤੇ ਦੱਸੇ ਪਤੇ ਵਿਚ ਸੁਈਟ ਨੰਬਰ ਨਹੀਂ ਦਿੱਤਾ ਹੋਇਆ ਪਰ ‘ਕਾਲ-ਆਊਟ’ ਲਿਖਿਆ ਹੋਇਆ ਹੈ। ਇਹ ਨਵਾਂ ਹੀ ਸ਼ੁਰੂ ਹੋਇਆ ਹੈ। ਇਸ ਦੀ ਇੱਕ ਮੌਜ ਇਹ ਹੈ ਕਿ ਟੈਕਸੀ ਵਿਚੋਂ ਨਿਕਲ ਕੇ ਘਰ ਦੀ ਘੰਟੀ ਨਹੀਂ ਖੜਕਾਉਣੀ ਪੈਂਦੀ। ਕੰਪਿਊਟਰ ਸਕਰੀਨ ’ਤੇ ਲੱਗੇ ‘ਕਾਲ-ਆਊਟ'

ਬਟਨ ਨੂੰ ਦੱਬਣ ਨਾਲ ਉਹ ਆਪ ਹੀ ਉਸ ਪਤੇ ’ਤੇ ਫੋਨ ਕਰਕੇ ਟੈਕਸੀ ਦੇ ਪਹੁੰਚ

56/ ਟੈਕਸੀਨਾਮਾ