ਪੰਨਾ:ਟੈਕਸੀਨਾਮਾ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁੱਕੀ ਹੋਣ ਦੀ ਸੂਚਨਾ ਦੇ ਦਿੰਦਾ ਹੈ। ਇਸ ਪਤੇ ’ਤੇ ‘ਕਾਲ-ਆਊਟ’ ਨੱਪਣ ਨਾਲ ਕੁਝ ਸਕਿੰਟਾਂ ਬਾਅਦ ‘ਨੋ ਅਨਸਰ’ ਦਾ ਸੁਨੇਹਾ ਆ ਜਾਂਦਾ ਹੈ। ਹੋ ਸਕਦਾ ਹੈ ਕਿ ਸਵਾਰੀ ਘਰੋਂ ਚੱਲ ਪਈ ਹੋਵੇ,’ ਸੋਚ ਕੇ ਮੈਂ ਦੋ ਕੁ ਮਿੰਟ ਉਡੀਕ ਕਰਨ ਬਾਰੇ ਸੋਚਦਾ ਹਾਂ। ਉਸੇ ਵਕਤ ਇਕ ਵੀਹ-ਬਾਈ ਸਾਲ ਦਾ ਮੁੰਡਾ ਟੈਕਸੀ ਦਾ ਮੂਹਰਲਾ ਦਰਵਾਜ਼ਾ ਖੋਲ੍ਹ ਕੇ ਵਿਚ ਆ ਬੈਠਦਾ ਹੈ। ਉਹ ਨੌਰਥ ਵੈਨਕੂਵਰ ਚੱਲਣ ਲਈ ਆਖਦਾ ਹੈ। ਮੈਨੂੰ ਉਸ ਤੋਂ ਬੀਅਰ ਦਾ ਮੁਸ਼ਕ ਆਉਂਦਾ ਹੈ। ਮੈਂ ਉਸਦੀਆਂ ਅੱਖਾਂ ਵਿਚ ਦੇਖਦਾ ਹਾਂ। ਉਹ ਲਾਲ ਭਾਅ ਮਾਰਦੀਆਂ ਹਨ। ਮੈਂ ਨਰਮੀ ਨਾਲ ਉਸ ਨੂੰ ਦੱਸਦਾ ਹਾਂ ਕਿ ਲੰਮੇ ਟ੍ਰਿੱਪ ਲਈ ਟੈਕਸੀ ਦੀ ਨੀਤੀ ਪਹਿਲਾਂ ਅੰਦਾਜ਼ਨ ਕਰਾਇਆ ਵਸੂਲਣ ਦੀ ਹੈ। ਉਹ ਫਿਕਰ ਨਾ ਕਰਨ ਲਈ ਆਖ ਕੇ ਚੱਲਣ ਦਾ ਇਸ਼ਾਰਾ ਕਰਦਾ ਹੈ। ਮੈਨੂੰ ਸ਼ੱਕ ਹੁੰਦਾ ਹੈ ਕਿ ਉਸ ਕੋਲ ਕਰਾਏ ਜੋਗੇ ਡਾਲਰ ਨਹੀਂ ਹਨ। ਮੈਂ ਫਿਰ ਆਪਣੀ ਬੇਨਤੀ ਦੁਹਰਾਉਂਦਾ ਹਾਂ। ਉਹ ਖਰ੍ਹਵੀ ਆਵਾਜ਼ ਵਿਚ ਚੱਲਣ ਲਈ ਆਖਦਾ ਹੈ। ਮੈਂ ਕਿਸੇ ਪੰਗੇ ਤੋਂ ਬਚਣ ਲਈ ਟੈਕਸੀ ਤੋਰ ਲੈਂਦਾ ਹਾਂ। ਮੇਰਾ ਦਿਮਾਗ ਚੌਕਸ ਹੋ ਜਾਂਦਾ ਹੈ। ਉਹ ਆਖਦਾ ਹੈ, “ਮੈਨ, ਯੂ ਥਿੰਕ ਆਈ ’ਇੱਲ ਰੌਬ ਯੂ ਔਰ ਸਮਥਿੰਗ!” ਮੈਂ ਫਿਰ ਅਧੀਨਗੀ ਨਾਲ ਆਖਦਾ ਹਾਂ ਕਿ ਮੇਰਾ ਮਤਲਬ ਉਸ ਨੂੰ ਇਸ ਤਰ੍ਹਾਂ ਦਾ ਬੰਦਾ ਸਮਝਣ ਤੋਂ ਨਹੀਂ ਸਿਰਫ਼ ਕੰਪਨੀ ਦੀ ਨੀਤੀ ਦੱਸਣ ਤੋਂ ਸੀ। ਫਿਰ ਮੈਂ ਸਧਾਰਣ ਜਿਹੇ ਲਹਿਜ਼ੇ ਵਿਚ ਆਖਦਾ ਹਾਂ ਕਿ ਉਸਨੇ ਤਾਂ ਕਰਾਇਆ ਦੇਣਾ ਹੀ ਦੇਣਾ ਹੈ ਪਹਿਲਾਂ ਕੀ ਤੇ ਪਿੱਛੋਂ ਕੀ। ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦਾ। ਮੈਂ ਕੁਝ ਬਲਾਕ ’ਤੇ ਹੀ ਯੈਲੋ ਕੈਬ ਦੀ ਪਾਰਕਿੰਗ ਲਾਟ ਵਿਚ ਟੈਕਸੀ ਲਿਜਾ ਖੜ੍ਹਾਉਂਦਾ ਹਾਂ। ਸਿਫਟ ਬਦਲਣ ਦਾ ਸਮਾਂ ਹੋਣ ਕਰਕੇ ਉੱਥੇ ਬਹੁਤ ਸਾਰੀਆਂ ਟੈਕਸੀਆਂ ਤੇ ਡਰਾਈਵਰ ਹਨ। ਆਪਣੇ ਘਰ ਆ ਕੇ ਮੈਂ ਸ਼ੇਰ ਹੋ ਜਾਂਦਾ ਹਾਂ। ਮੈਂ ਸਖ਼ਤ ਆਵਾਜ਼ ਵਿਚ ਆਖਦਾ ਹਾਂ ਕਿ ਜਾਂ ਤਾਂ ਕਰਾਇਆ ਪਹਿਲਾਂ ਦੇ ਜਾਂ ਟੈਕਸੀ ਵਿਚੋਂ ਬਾਹਰ ਨਿਕਲ। ਉਹ ਨਰਮ ਆਵਾਜ਼ ਵਿਚ ਆਖਦਾ ਹੈ ਕਿ ਉਸ ਕੋਲ ਕਰਾਇਆ ਨਹੀਂ ਹੈ ਪਰ ਉਹ ਟਿਕਾਣੇ ’ਤੇ ਪਹੁੰਚ ਕੇ ਘਰੋਂ ਲਿਆ ਕੇ ਦੇ ਦੇਵੇਗਾ। ਮੇਰਾ ਤਜਰਬਾ ਉਸ ’ਤੇ ਵਿਸ਼ਵਾਸ਼ ਨਾ ਕਰਨ ਲਈ ਆਖਦਾ ਹੈ। ਮੈਂ ਉਸ ਨੂੰ ਟੈਕਸੀ ਵਿੱਚੋਂ ਬਾਹਰ ਨਿਕਲਣ ਲਈ ਆਖ ਦਿੰਦਾ ਹਾਂ। ਉਸਦੇ ਟੈਕਸੀ ’ਚੋਂ ਬਾਹਰ ਨਿਕਲਦਿਆਂ ਹੀ ਮੈਂ ਉਸ ਬਾਰੇ ਡਿਸਪੈਚਰ ਨੂੰ ਰੇਡੀਓ ਰਾਹੀਂ ਦੱਸ ਦਿੰਦਾ ਹਾਂ। ਉਹ ਮਿੰਟ ਕੁ ਵਿਚ ਹੀ ਸਾਰੀਆਂ ਟੈਕਸੀਆਂ ਨੂੰ ਸੁਨੇਹਾ ਪਾ ਦਿੰਦੀ ਹੈ : ‘ਯੈਲੋ ਕੈਬ ਦੀ ਪਾਰਕਿੰਗ ਲਾਟ ਵਿਚ ਇਕ ਵੀਹ-ਬਾਈ ਸਾਲ ਦਾ ਗੋਰਾ ਮੁੰਡਾ, ਜਿਸਨੇ ਨੌਰਥ ਵੈਨਕੂਵਰ ਜਾਣਾ ਹੈ, ਉਸ ਕੋਲ ਕਰਾਇਆ ਨਹੀਂ ਹੈ।' ਮੈਂ ਟੈਕਸੀ ਡਾਊਨ- ਟਾਊਨ ਵੱਲ ਕਰ ਦਿੰਦਾ ਹਾਂ। ਅਤੇ 'ਦਾ ਵੈਸਟਰਨ ਗਰੈਂਡ ਹੋਟਲ’ ਮੂਹਰੇ ਜਾ ਰੋਕਦਾ ਹਾਂ। ਉਥੋਂ ਛੇਤੀ ਹੀ ਇਕ ‘ਸ਼ੌਰਟੀ* ਮਿਲ ਜਾਂਦੀ ਹੈ। ਉਨ੍ਹਾਂ ਨੂੰ ਟਿਕਾਣੇ 'ਤੇ ਪਹੁੰਚਾ ਕੇ ਮੈਂ ਟੈਕਸੀ ਹੋਟਲ ‘ਸੈਂਡਮੈਨ’ ਮੂਹਰੇ ਜਾ ਪਾਰਕ ਕਰਦਾ ਹਾਂ। ਛੇਤੀ

ਹੀ ਇੱਕ ਟ੍ਰਿੱਪ ਸਿਟਡੈੱਲ ਪਲੇਸ ਤੋਂ ਡਿਸਪੈਚ ਹੁੰਦਾ ਹੈ। ਇਹ ਬਾਈ-ਤੇਈ ਸਾਲ

ਟੈਕਸੀਨਾਮਾ/57