ਪੰਨਾ:ਟੈਕਸੀਨਾਮਾ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਗੇੜ 'ਚ ਦੋ ਮੁੰਡੇ ਹਨ। ਇਨ੍ਹਾਂ ਨੇ ਕੈਟਸੀਲੈਨੋ ਏਰੀਏ ਵੱਲ ਜਾਣਾ ਹੈ। ਮੈਂ ਉਨ੍ਹਾਂ ਦਾ ਹਾਲ ਪੁੱਛਦਾ ਹਾਂ। ਉਨ੍ਹਾਂ ਚੋਂ ਇਕ ਆਖਦਾ ਹੈ ਕਿ ਉਹ ਥੱਕੇ ਹੋਏ ਹਨ ਤੇ ਸ਼ਰਾਬੀ ਵੀ ਹਨ। “ਫਿਰ ਤਾਂ ਪਾਰਟੀ ਵਧੀਆ ਰਹੀ ਹੋਵੇਗੀ?” ਮੈਂ ਤੁੱਕਾ ਮਾਰਦਾ ਹਾਂ। ਪਰ ਉਹ ਨਿਰਾਸ਼ਾ ’ਚ ਸਿਰ ਮਾਰਦੇ ਹਨ। ਉਨ੍ਹਾਂ ਦੀ ਰਾਤ ਅਜਾਈਂ ਹੀ ਲੰਘ ਗਈ ਸੀ, ਉਨ੍ਹਾਂ ਨੂੰ ਮਨਭਾਉਂਦੀਆਂ ਕੁੜੀਆਂ ਦਾ ਸਾਥ ਨਹੀਂ ਸੀ ਮਿਲਿਆ। ਮੈਂ ਕੰਪਿਊਟਰ ਸਕਰੀਨ 'ਤੇ ਉਂਗਲ ਮਾਰ ਕੇ ਦੇਖਦਾ ਹਾਂ ਕਿ ਉਨ੍ਹਾਂ ਦੇ ਟਿਕਾਣੇ ਵਾਲੇ ਜ਼ੋਨ ਵਿਚ ਕਿੰਨੀਆਂ ਕੁ ਟੈਕਸੀਆਂ ਪਹਿਲਾਂ ਹੀ ਬੁੱਕ ਹਨ। ਉੱਥੇ ਪੰਦਰਾਂ ਟੈਕਸੀਆਂ ਬੁੱਕ ਹਨ। ਮੈਂ ਆਸੇ-ਪਾਸੇ ਦੇ ਜ਼ੋਨਾਂ ਵਿਚ ਦੇਖਦਾ ਹਾਂ। ਉੱਥੇ ਕੁਝ ਘੱਟ ਹਨ। ਉਨ੍ਹਾਂ ਨੂੰ ਉਤਾਰ ਕੇ ਮੈਂ ਟੈਕਸੀ ਬੁੱਕ ਕਰਨ ‘ਪਲਾਜ਼ਾ 500’ ਹੋਟਲ ਵੱਲ ਚੱਲ ਪੈਂਦਾ ਹਾਂ। ਉੱਥੇ ਕੁਝ ਚਿਰ ਉਡੀਕ ਤੋਂ ਬਾਅਦ ਕੈਂਸਰ ਸੁਸਾਇਟੀ ਤੋਂ ਡਲਿਵਰੀ ਮਿਲ ਜਾਂਦੀ ਹੈ। ਇਕ ਛੋਟਾ ਲਿਫਾਫਾ, ਜਿਸ ਵਿਚ ਦੋ ਸ਼ੀਸ਼ੀਆਂ ਲੱਗਦੀਆਂ ਹਨ ਨੂੰ ਦੋ-ਤਿੰਨ ਬਲਾਕ ਦੀ ਵਿੱਥ 'ਤੇ ਵੈਕਨੂਵਰ ਜਨਰਲ ਹਸਪਤਾਲ ਵਿਚ ਪਹੁੰਚਾਉਣਾ ਹੈ। ਇਸਦਾ ਕਰਾਇਆ ਪੰਦਰਾਂ ਡਾਲਰ ਫਲੈਟ ਰੇਟ ਹੈ। ਇਹ ਚਾਰਜ ਟ੍ਰਿੱਪ** ਹੈ। ਇਸ ਤੋਂ ਵੇਹਲਾ ਹੋ ਕੇ ਮੈਂ ਨੇੜੇ ਹੀ ਵੈਸਟ ਬਰਾਡਵੇ 'ਤੇ ਸਥਿਤ ਹੋਟਲ ‘ਹੌਲੀਡੇਅ ਇੰਨ' ਵੱਲ ਚਲਿਆ ਜਾਂਦਾ ਹਾਂ। ਉੱਥੇ ਮੇਰੇ ਮੂਹਰੇ ਇਕ ਹੋਰ ਟੈਕਸੀ ਬੁੱਕ ਹੈ। ਮੈਂ ਆਪਣੇ ਨਾਲ ਲਿਆਂਦੀ ‘ਐਲਕਸ ਮਨਰੋ’ ਦੀ ਕਹਾਣੀਆਂ ਦੀ ਕਿਤਾਬ ‘ਓਪਨ ਸੀਕਰੇਟ ਖੋਲ੍ਹ ਲੈਂਦਾ ਹਾਂ। ਵਿਚ-ਵਿਚ ਨਿਗ੍ਹਾ ਕੰਪਿਊਟਰ ਸਕਰੀਨ 'ਤੇ ਵੀ ਚਲੀ ਜਾਂਦੀ ਹੈ। ਉੱਥੇ ਸੁਨੇਹੇ ਆਉਂਦੇ ਹਨ: ਟੈਕਸੀ ਸਾਵਧਾਨੀ ਨਾਲ ਚਲਾਓ। ਸਵਾਰੀ ਦੇ ਉੱਤਰਨ ਤੋਂ ਬਾਅਦ ਪਿਛਲੀ ਸੀਟ 'ਤੇ ਨਿਗ੍ਹਾ ਮਾਰੋ, ਤਾਂ ਕਿ ਉਹ ਟੈਕਸੀ ਵਿਚ ਨਾ ਕੁਝ ਭੁੱਲ ਜਾਏ। ਹੋਟਲਾਂ ਨੂੰ ਕਵਰ ਰੱਖੋ। ਇਹ ਸੁਨੇਹਾ ਪੜ੍ਹ ਕੇ ਮੈਂ ਸੋਚਦਾ ਹਾਂ ਕਿ ਹੋਟਲ ਤਾਂ ਪੂਰੀ ਤਰ੍ਹਾਂ ਕਵਰ ਹੀ ਹਨ, ਇਨ੍ਹਾਂ 'ਚੋਂ ਕੋਈ ਸਵਾਰੀ ਵੀ ਨਿਕਲੇ। ਫਿਰ ਇਕ ਹੋਰ ਸੁਨੇਹਾ ਆਉਂਦਾ ਹੈ ਕਿ ਬਰਾਡਵੇ ਸਕਾਈਟ੍ਰੇਨ ਸਟੇਸ਼ਨ 'ਤੇ ਇਕ ਆਦਮੀ ਤੇ ਔਰਤ ਖੜ੍ਹੇ ਹਨ, ਉਨ੍ਹਾਂ ਨੇ ਸਰੀ ਜਾਣਾ ਹੈ, ਉਨ੍ਹਾਂ ਕੋਲ ਕਰਾਇਆ ਨਹੀਂ ਹੈ । ਸਾਵਧਾਨੀ ਵਰਤੋ। “ਉਹ ਯਾਰ, ਸੁਨੇਹੇ ਜੇ ਭੇਜੀ ਜਾਨੈਂ ਕੋਈ ਟ੍ਰਿੱਪ ਵੀ ਭੇਜ,” ਮੈਂ ਬੁੜਬੜਾਉਂਦਾ ਹਾਂ। ਉਸੇ ਵੇਲੇ ਮੇਰੇ ਇਕ ਬੇਲੀ, ਹਰਜੀਤ ਦਾ ਫੋਨ ਆ ਜਾਂਦਾ ਹੈ। ਉਹ ਪੁੱਛਦਾ ਹੈ, “ਕਿਤੇ ਟ੍ਰਿੱਪ ’ਤੇ ਤਾਂ ਨੀ?”

“ਕਿੱਥੇ ਯਾਰ, ਘੰਟਾ ਹੋ ਗਿਆ ਹੌਲੀਡੇਅ ਇਨ ਮੂਹਰੇ ਬੈਠੇ ਨੂੰ।”

“ਕਿਤਾਬ ਪੜ੍ਹਣ ਲੱਗ ਪਿਆ ਹੋਵੇਂਗਾ!”

“ਹੋਰ ਕੀ ਕਰਾਂ?”

“ਪੜ੍ਹਣ ਆਉਨੈਂ ਕਿ ਕੰਮ ਕਰਨ? ਕਿਸੇ ਨੂੰ ਫੋਨ-ਵਾਨ ਕਰ ਲਈ ਹੁੰਦੈ। ਪਤਾ ਲੱਗਦਾ ਰਹਿੰਦਾ ਬਈ ਕਿਹੜਾ ਹੋਟਲ ਚੱਲਦੈ। ਐਂ ਕਰੀਂ ਐਧਰ ਆ ਜੀਂ ਹੋਟਲ ਵੈਨਕੂਵਰ ਵੱਲ। ਇਹ ਚੱਲਦੈ ਅੱਜ ਪੂਰਾ। ਕੱਲ੍ਹ ਕੋਈ ਕੁੜੀ-ਕਾਨਫਰੰਸ

ਹੋ ਕੇ ਹਟੀ ਐ ਇੱਥੇ।”

58/ਟੈਕਸੀਨਾਮਾ