ਪੰਨਾ:ਟੈਕਸੀਨਾਮਾ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡੇ ਕਰਕੇ। ਉਹ ਗੱਲ ਇਓਂ ਹੋਈ ਕਿ ਇਕ ਸਿਆਣੀ ਉਮਰ ਦੀ ਤੀਵੀਂ ਰੋਜ਼ ਟੈਕਸੀ ਸੱਦਦੀ ਸੀ। ਓਹਨੂੰ ਗੱਲਾਂ ਸੁਨਣ ਦਾ ਭੁਸ ਸੀ। ਓਹ ਪੁੱਛਿਆ ਕਰੇ ਕਿ ਵੀਕ ਐਂਡ ਤੇ ਤੂੰ ਕੀ ਕਰਦਾ ਹੁੰਨੈ। ਮੈਂ ਮਸਾਲਾ ਲਾ ਕੇ ਗੱਲਾਂ ਸੁਣਾ ਦੇਣੀਆਂ ਕਿ ਦਾਰੂ ਪੀ ਕੇ ਤੀਵੀ ਨਾਲ ਏਦਾਂ-ਏਦਾਂ ਕੀਤਾ। ਇਕ ਦਿਨ ਕਹਿੰਦੀ ਕਿ ਮੇਰੇ ਨਾਲ ਬੈਠ ਕੇ ਵੀ ਪੀ। ਫੇਰ ਸਾਡੀ ਗੱਲ ਖੁੱਲ੍ਹ ਗਈ। ਓਹਨੇ ਨਿੱਤ ਹੀ ਮੈਨੂੰ ਸੱਦ ਲਿਆ ਕਰਨਾ। ਉਸ ਤੀਵੀਂ ਦਾ ਤੀਹਾਂ ਸਾਲਾਂ ਦਾ ਮੁੰਡਾ ਸੀ। ਉਹ ਉਹਦੇ ਨਾਲ ਹੀ ਰਹਿੰਦਾ ਸੀ। ਇਕ ਦਿਨ ਓਹਨੇ ਟੈਕਸੀ ਦੇ ਦਫ਼ਤਰ ਫੋਨ ਕਰ ਦਿੱਤਾ ਕਿ ਥੋਡਾ ਡਰਾਈਵਰ ਕੰਮ ਦੇ ਦੌਰਾਨ ਮੇਰੀ ਮਾਂ ਕੋਲ ਆਉਂਦੈ। ਮੇਰੀ ਮਾਂ ਸੱਠਾਂ-ਪੈਂਹਟਾਂ ਸਾਲਾਂ ਦੀ ਆ। ਕੰਪਨੀ ਨੇ ਮੈਨੂੰ ਵਾਰਨਿੰਗ ਦੇ ਦਿੱਤੀ ਕਿ ਟੈਕਸੀ ਚਲਾਉਂਦਿਆਂ ਏਦਾਂ ਨੀ ਕਰ ਸਕਦਾ। ਫੇਰ ਮੈਂ ਏਸ ਗੱਲੋਂ ਸਾਵਧਾਨ ਹੋ ਗਿਆ। ਜਦੋਂ ਕਿਸੇ ਨੇ ‘ਹਾਂ’ ਕਰਨੀ ਮੈਂ ਟੈਕਸੀ ਪਾਰਕ ਕਰ ਦੇਣੀ ਤੇ ਆਪਣੀ ਪਰਾਈਵੇਟ ਕਾਰ 'ਚ ਲੈ ਜਾਣਾ। ਜਦੋਂ ਤੁਹਾਨੂੰ ਇਹ ਬਾਣ ਪੈ ਜਾਵੇ ਨਾ ਫਿਰ ਥੋਡਾ ਨਿੱਤ ਨਵੀਂ ਭਾਲਣ ਨੂੰ ਜੀਅ ਕਰਦੈ। ਕਦੇ ਗੋਰੀ, ਕਦੇ ਕਾਲੀ, ਕਦੇ ਚੀਨਣ। ਟੈਕਸੀ ’ਚ ਬਥੇਰੀਆਂ ਮਿਲ ਜਾਂਦੀਆਂ ਪਰ ਥੋਨੂੰ ਪੁੱਛਣ ਦਾ ਤਰੀਕਾ ਆਉਣਾ ਚਾਹੀਦਾ। ਆਪਾਂ ਇੱਕ ਅੱਧੀ ਤਾਂ ਰੱਖੀ ਦੀ ਈ ਆ। ਪਰ ਫੇਰ ਵੀ ਜੀਅ ਨੀ ਭਰਦਾ। ਬਾਨ ਇਹ ਮੈਨੂੰ ਟੈਕਸੀ ਨੇ ਪਾਈ ਆ। ਕਈ ਵਾਰੀ ਲੱਗਦੈ ਜੇ ਟੈਕਸੀ 'ਚ ਨਾ ਪੈਂਦਾ ਤਾਂ ਇਹ ਬਾਨ ਤਾਂ ਨਾ ਪੈਂਦੀ। ਮੈਂ ਦੁਖੀ ਬਹੁਤ ਹੁੰਨੈਂ ਆਪਣੀ ਇਸ ਆਦਤ ਤੋਂ ਪਰ ਛੱਡ ਨਹੀਂ ਹੁੰਦੀ। ਅੱਜ ਪੂਰਾ ਹਫ਼ਤਾ ਹੋ ਗਿਆ ਘਰ ਬੈਠੇ ਨੂੰ। ਪਤਾ ਈ ਨੀ ਲੱਗਦਾ ਕਦੇ-ਕਦੇ ਕੀ ਹੋ ਜਾਂਦਾ। ਕੁਸ਼ ਕਰਨ ਨੂੰ ਜੀਅ ਨੀ ਕਰਦਾ। ਨਾ ਬਾਹਰ ਨਿਕਲਣ ਨੂੰ। ਨਾ ਕਿਸੇ ਨੂੰ ਮਿਲਣ-ਗਿਲਣ ਨੂੰ। ਦਿਨ-ਰਾਤ ਦਾਰੂ ਪੀਵੀ ਜਾਨੈ। ਵਿਚ-ਵਿਚ ਮਸਾਜ-ਪਾਰਲਰ ਜਾ ਆਉਨੈਂ। ਪੈਸੇ ਸਾਰੇ ਮੁੱਕ ਗਏ ਆ। ਕੱਲ੍ਹ ਛੋਟੇ ਮੁੰਡੇ ਨੇ ਮੈਥੋਂ ਸਤੇ ਨੇ ਕੰਧ ’ਚ ਘਸੁੰਨ ਮਾਰ ਕੇ ਮੋਰੀ ਕਰ ਦਿੱਤੀ। ਮੇਰਾ ਮਨ ਭਰ-ਭਰ ਆਉਂਦੈ ਕਿ ਮੈਂ ਕਿੰਨਾਂ ਦੁੱਖ ਦਿੰਨੈ ਸਾਰਿਆਂ ਨੂੰ। ਅੱਜ ਨੀ ਪੀਤੀ। ਕੱਲ੍ਹ ਨੂੰ ਕੰਮ ’ਤੇ ਜਾਊਂਗਾ। ਰੱਬ ਅੱਗੇ ਅਰਦਾਸ ਐ ਕਿ ਮੇਰਾ ਮਨ ਨਾ ਡੋਲੇ ਕੱਲ੍ਹ ਤੱਕ।

ਟੈਕਸੀਨਾਮਾ/69