ਪੰਨਾ:ਟੱਪਰੀਵਾਸ ਕੁੜੀ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੨੩

ਮਾਰਚ ਦੀ ਇਕ ਸਵੇਰ ਨੂੰ, ਸ਼ਾਇਦ ਉਸ ਦਿਨ ਸਨਿਚਰਵਾਰ ਸੀ, ਸਾਡਾ ਬਹਾਦਰ ਕਪਤਾਨ ਫੀਬਸ ਆਪਣੇ ਕਮਰੇ ਵਿਚ ਕਪੜੇ ਬਦਲਾਣ ਵਿਚ ਲਗਾ ਹੋਇਆਂ ਸੀ। ਉਸਨੇ ਆਪਣਾ ਬਟੂਆ ਚੁਕਿਆ। ਉਹ ਖ਼ਾਲੀ ਸੀ। "ਉਹ! ਖ਼ਾਲੀ ਬਟੁਆ,ਇਸ ਵਿਚ ਤਾਂ ਇਕ ਪਾਈ ਵੀ ਨਹੀਂ।" ਉਹ ਬੇਦਿਲਾ ਜਿਹਾ ਹੋ ਗਿਆ ਅਤੇ ਆਪਣੇ ਬੂਟ ਦਾ ਤਸਮਾ ਬੰਨ੍ਹਦਾ ਹੋਇਆ, ਪਤਾ ਨਹੀਂ ਕੀ ਖ਼ਿਆਲ ਕਰਕੇ ਉਠਿਆ ਤੇ ਟੋਪੀ ਇਕ ਪਾਸੇ ਸੁਟ ਦਿਤੀ ਅਤੇ ਕੋਟ ਦੂਜੇ ਪਾਸੇ। ਉਹ ਗੁਸੇ ਵਿਚ ਭਰਿਆ ਹੋਇਆ ਚੁਪ ਚਾਪ ਕਮਰੇ ਵਿਚ ਟਹਿਲਣ ਲਗ ਪਿਆ। ਕੁਝ ਚਿਰ ਏਸੇ ਘਬਰੇਵੇਂ ਵਿਚ ਰਿਹਾ ਅਤੇ ਫੇਰ ਕੁਝ ਖ਼ਿਆਲ ਕਰਕੇ ਟੋਪੀ ਵਲ ਵਧਿਆ ਅਤੇ ਕੋਟ ਚੁਕ ਕੇ ਘੱਟਾ ਝਾੜਦਾ ਹੋਇਆ ਕਮਰੇ ਤੋਂ ਬਾਹਰ ਨਿਕਲ ਗਿਆ। ਕੁਝ ਚਿਰ ਤੁਰਨ ਪਿਛੋਂ ਉਹ ਨੋਟਰਡੈਮ ਦੇ ਲਾਗਿਓਂ ਦੀ ਲੰਘਿਆ।

ਨੋਟਰਡੈਮ, ਪਵਿਤਰ ਮਰੀਅਮ ਦਾ ਗਿਰਜਾ ਅੱਜ ਦਿਨ ਤਕ ਪੈਰਿਸ ਵਿਚ ਹੈ। ਭਾਵੇਂ ਇਸ ਇਮਾਰਤ ਨੂੰ ਬਣਿਆਂ ਕਈ ਸਦੀਆਂ ਬੀਤ ਗਈਆਂ ਹਨ ਅਤੇ ਵਕਤ ਅਤੇ ਜ਼ਮਾਨੇ ਨੇ ਇਸ ਦਾ ਹੁਲੀਆ ਬਦਲਾਣ ਵਿਚ ਕੋਈ ਕਸਰ ਬਾਕੀ ਨਹੀਂ ਛਡੀ ਤਾਂ ਵੀ ਇਹ ਇਤਿਹਾਸਕ ਗਿਰਜਾ ਬਿਲਕੁਲ ਨਵਾਂ ਜਾਪਦਾ ਹੈ। ਉਸ ਨੂੰ ਦੇਖ ਕੇ ਇਹੀ ਖ਼ਿਆਲ ਪੈਂਦਾ ਹੈ ਕਿ ਇਹ ਹੁਣੇ ਹੀ ਬਣਾਇਆ ਗਿਆ ਹੈ। ਇਸ ਗਿਰਜੇ ਦੇ ਵਡੇ ਦਰਵਾਜ਼ੇ ਤੇ ਇਕ ਪਥਰ ਲਗਾ ਹੋਇਆ ਹੈ ਜਿਸ ਉਤੇ ਲਿਖਿਆ ਹੈ:

“ਸਮਾਂ ਅੰਨਾਂ ਹੈ ਤੇ ਮਨੁਖ ਮੂਰਖ"

੯੯