ਪੰਨਾ:ਟੱਪਰੀਵਾਸ ਕੁੜੀ.pdf/57

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੇ ਲਾਗੇ ਆ ਗਿਆ। ਪਹਿਲੇ ਤਾਂ ਫੀਬਸ ਥੋੜਾ ਚਿਰ ਚੁਪ ਚਾਪ ਖੜੋਤਾ ਰਿਹਾ ਪਰ ਅਖੀਰ ਹੌਸਲਾ ਕਰ ਕੇ ਕਹਿਣ ਲਗਾ:-

"ਸ੍ਰੀ ਮਾਨ ਜੀ, ਜੇ ਤੁਸੀ ਚੋਰ ਹੋ, ਜਿਵੇਂ ਕਿ ਮੈਂ ਖ਼ਿਆਲ ਕਰਦਾ ਹਾਂ, ਤਾਂ ਤੁਹਾਡੀ ਮਿਹਨਤ ਅਜਾਈਂ ਜਾਏਗੀ। ਜਾ ਕੇ ਕਿਸੇ ਬੜੀ ਮੁਰਗੀ ਨੂੰ ਫਸਾਓ। ਮੈਂ ਤਾਂ ਇਕ ਗਰੀਬ, ਅਵਾਰਾ-ਗਰਦ ਬੰਦਾ ਹਾਂ।" ਫੀਬਸ ਨੇ ਜ਼ਰਾ ਗਹੁ ਨਾਲ ਉਸ ਵਲ ਤਕਿਆ ਤੇ ਪਲ ਕੁ ਠਹਿਰ ਕੇ ਕਹਿਣ ਲਗਾ "ਜੇ ਮੇਰੀ ਮੰਨੋ ਤਾਂ ਇਸ ਕਾਲਜ ਦੇ ਗਿਰਜੇ ਵਿਚ ਜਾਓ। ਉਥੇ ਚਾਂਦੀ ਦੀਆਂ ਸਲੀਬਾਂ ਪਈਆਂ ਹਨ।"

ਉਸ ਆਦਮੀ ਨੇ ਜੇਬ ਵਿਚੋਂ ਹੱਥ ਕਢਿਆ ਤੇ ਫੀਬਸ ਨੂੰ ਘੁਟ ਕੇ ਬਾਂਹ ਤੋਂ ਫੜ ਲਿਆ ਅਤੇ ਕਹਿਣ ਲਗਾ, “ਕਪਤਾਨ ਫੀਬਸ”।

"ਕੀ ਤੁਸੀਂ ਮੇਰਾ ਨਾਂ ਜਾਣਦੇ ਹੋ?" ਫੀਬਸ ਹੈਰਾਨ ਹੋ ਕੇ ਬੋਲਿਆ।

"ਮੈਂ ਤੁਹਾਡਾ ਕੇਵਲ ਨਾਂ ਹੀ ਨਹੀਂ ਜਾਣਦਾ" ਉਸ ਆਦਮੀ ਨੇ ਕਿਹਾ, "ਸਗੋਂ ਮੈਨੂੰ ਇਹ ਵੀ ਪਤਾ ਹੈ ਕਿ ਹੁਣ ਤੁਸੀਂ ਇਕ ਕੁੜੀ ਨੂੰ ਮਿਲਣ ਜਾ ਰਹੇ ਹੋ।"

"ਹਾਂ, ਹਾਂ" ਫੀਬਸ ਹੋਰ ਹੈਰਾਨ ਹੋ ਕੇ ਬੋਲਿਆ।

"ਅਤੇ ਸਾਢੇ ਸੱਤ ਵਜੇ।"

"ਹਾਂ-ਅਤੇ ... ..."

"ਅਤੇ ਉਸ ਕੁੜੀ ਦਾ ਨਾਂ ...?"

ਫੀਬਸ ਨੇ ਉਸਦੀ ਗਲ ਨੂੰ ਵਿਚੋਂ ਹੀ ਕਟਦਿਆਂ ਹੋਇਆਂ ਕਾਹਲੀ ਨਾਲ ਕਿਹਾ, “ਅਸਮਰ"।

ਉਸ ਆਦਮੀ ਦੀ ਨਜ਼ਰ ਫੀਬਸ ਦੇ ਗਲੇ ਨਾਲ ਲਟਕ ਰਹੀ ਤਲਵਾਰ ਤੇ ਪਈ ਅਤੇ ਉਸ ਦੇ ਹੱਥ ਵੀ ਮਿਆਨ ਵਲ ਵਧੇ। ਦੋਹਾਂ ਨੇ ਤਲਵਾਰਾਂ ਸੂਤ ਲਈਆਂ। ਫੀਬਸ ਦੰਦਾਂ ਨੂੰ ਪੀਂਹਦਾ ਹੋਇਆ ਬੋਲਿਆ, “ਆਓ ਅਗੇ ਵਧੋ! ਮੇਰੀ ਤਲਵਾਰ ਤੁਹਾਡੀ ਧੌਣ ਤੇ ਚਮਕਣ ਲਈ ਬੇ-ਕਰਾਰ ਹੈ?" ਉਸ ਆਦਮੀ ਨੇ ਜਦ ਦੇਖਿਆ ਕਿ ਕਪਤਾਨ ਆਪਣੀ ਰਖਿਆ ਚੰਗੀ ਤਰ੍ਹਾਂ ਕਰ ਸਕਦਾ ਹੈ

੪੯