ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਰਾਬੀ ਹਰਮਾਂ ਲਈ ਦਮ ਭਰਦੀ ਹੈ। ਇਸ ਗ਼ਜ਼ਲ ਦੇ ਖੰਭ ਹਨ ਪਰ ਪੈਰ ਵੀ ਹਨ। ਗੁਰਭਜਨ ਦੀ ਗ਼ਜ਼ਲ ਦਾ ਮੱਥਾ ਚੇਤਨ ਹੈ ਅਤੇ ਇਹ ਆਪਣੇ ਹੱਕ ਪਛਾਣਦੀ ਹੈ। ਹੱਕਾਂ ਦੀ ਪ੍ਰਾਪਤੀ ਲਈ ਇਸ ਨੂੰ ਸੜਕਾਂ ਉੱਤੇ ਨਿਕਲਣ ਵਿਚ ਕੋਈ ਹਿਚਕਚਾਹਟ ਨਹੀਂ। ਇਸ ਮੁਟਿਆਰ ਦੀ ਤਬੀਅਤ ਵਿਚ ਪ੍ਰੇਮ ਪਿਆਰ ਤਾਂ ਵਰਦਾਨ ਵਾਂਗ ਹੈ ਪਰ ਸਮਾਜਿਕ ਫ਼ਰਜ਼ ਵੀ ਇਸ ਨੂੰ ਯਾਦ ਹਨ। ਇਹ ਗ਼ਜ਼ਲ ਰੂਪੀ ਮੁਟਿਆਰ ਨਵੇਂ ਪੰਜਾਬੀ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗ ਹਿੱਸਾ ਪਾਵੇਗੀ। ਪੰਜਾਬੀ ਗ਼ਜ਼ਲ ਨਾਲ ਹੁਣ ਪੰਜਾਬੀ ਸਮਾਜ ਦੇ ਆਪਣੇ-ਆਪਣੇ ਰਿਸ਼ਤੇ ਹਨ ਉਹ ਕਿਸੇ ਲਈ ਪ੍ਰੇਮਿਕਾ ਹੈ, ਪਰ ਕਿਸੇ ਦੀ ਭੈਣ ਵੀ ਹੈ। ਗੁਰਭਜਨ ਦੀ ਗ਼ਜ਼ਲ ਕੁਝ ਏਸੇ ਤਰਾਂ ਦੀ ਹੈ-ਪੰਜਾਬਣ-ਪੰਜਾਬਣ, ਆਪਣੀ-ਆਪਣੀ, ਅਣਖੀ-ਅਣਖੀ ਅਤੇ ਇੱਜ਼ਤਦਾਰ।

ਪੰਜਾਬੀ ਗ਼ਜ਼ਲ ਨੂੰ ਅਜੋਕੇ ਸ਼ਾਨਦਾਰ ਮੁਕਾਮ ਤਕ ਪਹੁੰਚਾਉਣ ਵਾਲਿਆਂ ਵਿਚ ਖ਼ਾਸਕਰ ਉਨ੍ਹਾਂ ਗ਼ਜ਼ਲਕਾਰਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਗ਼ਜ਼ਲ ਨੂੰ ਇਕ ਸੀਮਤ ਘੇਰਾਬੰਦੀ ਤੋਂ ਬਾਹਰ ਕੱਢ ਕੇ ਪੰਜਾਬੀ ਦੇ ਵਿਦਿਅਕ ਖੇਤਰਾਂ ਤਕ ਇਸ ਦੀ ਪਹੁੰਚ ਬਣਾਈ। ਭਾਵੇਂ ਸੱਠਵਿਆਂ ਤਕ ਪੰਜਾਬੀ ਗ਼ਜ਼ਲ ਨੇ ਆਪਣਾ ਮੌਲਿਕ ਮੁਹਾਂਦਰਾ ਸਿਰਜਣਾ ਆਰੰਭ ਕਰ ਦਿੱਤਾ ਸੀ ਪਰ ਦਰਅਸਲ ਇਹ ਉਨ੍ਹਾਂ ਦਲੇਰ ਗ਼ਜ਼ਲਕਾਰਾਂ ਦੀ ਹੀ ਦੇਣ ਹੈ, ਜਿਨ੍ਹਾਂ ਨੇ ਘੋਰ ਰੂਪਵਾਦੀ ਗ਼ਜ਼ਲ ਨੂੰ ਪੰਜਾਬੀ ਛੰਦਕ ਲਹਿਜੇ ਨਾਲ ਜੋੜ ਕੇ ਪੇਸ਼ ਕੀਤਾ। ਸਾਰੇ ਜਾਣਦੇ ਹਨ ਕਿ ਪਿੰਗਲ ਵਿਚ ਹਜ਼ਾਰਾਂ ਸਾਲਾਂ ਬਾਅਦ ਵੀ ਕੁਝ ਐਸੇ ਛੰਦ ਹਨ, ਜਿੰਨ੍ਹਾਂ ਦੇ ਹੁਣ ਵੀ ਅੱਖਰ ਹੀ ਗਿਣ ਕੇ ਉਨ੍ਹਾਂ ਦੇ ਰੂਪ ਸਰੂਪ ਦੀ ਤਸਦੀਕ ਕੀਤੀ ਜਾਂਦੀ ਹੈ, ਜਿਵੇਂ ਕੋਰੜਾ ਤੇ ਕਬਿੱਤ। ਗਿੱਲ ਇਸ ਤੱਥ ਤੋਂ ਬਾਖੂਬੀ ਜਾਣੂ ਹੈ। ਪਰ ਉਸ ਨੇ ਇਨ੍ਹਾਂ ਛੰਦਾਂ ਨੂੰ ਫੇਲੁਨੀ ਤੱਤ ਜੁਜ਼ ਵਿਚ ਤਕਨੀਕ ਨਾਲ ਢਾਲ ਵੀ ਲਿਆ ਹੈ।

ਆਓ ਗੁਰਭਜਨ ਦੇ ਕੁਝ ਸ਼ਿਅਰਾਂ ਦਾ ਸੁਆਦ ਮਾਣਦੇ ਹਾਂ:

  • ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,

ਮੱਥੇ ਨੂੰ ਵੀ ਤੁਰਨਾ ਪੈਂਦਾ ਇਕ ਜੁਟ ਹੋ ਕੇ ਬਾਹਵਾਂ ਨਾਲ।

  • ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਹੈ,

ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

  • ਜੀ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ।

ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ ਵਲੱਲੀਆਂ ਹੂ।

  • ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਕੂਕਾਂ, ਚੀਕਾਂ,

ਹੰਝੂਆਂ ਨਾਲ ਬਿਆਸਾ ਭਰਿਆ ਨੱਕੋ ਨੱਕ ਚਨਾਬ।

  • ਗੁੜ ਦੇ ਚੌਲ ਨਿਆਜ਼ ਖਾਣ ਨੂੰ ਤਰਸੇ ਹਾਂ,

ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /13