ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰਤਾਰੇ ਨੂੰ ਸਮੱਗਰ ਰੂਪ ਵਿਚ ਉਸ ਦੀਆਂ ਵਿਭਿੰਨ ਪਰਤਾਂ ਸਮੇਤ ਚਿਤਰਿਆ ਗਿਆ ਹੈ। ਗੁਰਭਜਨ ਗਿੱਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਕਟਾਂ ਨੂੰ ਪੈਦਾ ਕਰਨ ਵਾਲੀਆਂ ਤਾਕਤਾਂ ਨਵ-ਸਾਮਰਾਜੀ ਤੇ ਨਵ-ਬਸਤੀਵਾਦੀ ਦੇਸ਼ਾਂ ਦੇ ਘਿਨਾਉਣੇ ਕਿਰਦਾਰ ਨੂੰ ਪ੍ਰਗਤੀਵਾਦੀ ਕਾਵਿ ਦ੍ਰਿਸ਼ਟੀ ਰਾਹੀਂ ਉਜਾਗਰ ਕੀਤਾ ਹੈ। ਸ਼ਾਇਰ ਗਿੱਲ ਨੇ ਸੰਵੇਦਨਾ ਨੂੰ ਆਪਣੀਆਂ ਗ਼ਜ਼ਲਾਂ ਵਿਚ ਬੜੀ ਬਾਖ਼ੂਬੀ ਨਾਲ ਪ੍ਰਸਤੁਤ ਕੀਤਾ ਹੈ। ਉਹ ਸਮਕਾਲੀ ਸਥਿਤੀਆਂ-ਪ੍ਰਸਥਿਤੀਆਂ ਦੇ ਨਾਲ-ਨਾਲ ਮਨੁੱਖ ਦੀ ਹੋਂਦ ਦੇ ਮਸਾਲੇ ਨੂੰ ਵੀ ਉਭਾਰਦਾ ਹੈ। ਉਪਰੋਕਤ ਸਾਰੇ ਸੰਦਰਭ ਦੇ ਆਧਾਰ 'ਤੇ ਉਸ ਦੀ ਸ਼ਾਇਰੀ ਵਿਚੋਂ ਦਾਰਸ਼ਨਿਕ ਸੁਰ ਉੱਭਰਦੀ ਹੈ, ਜੋ ਗੁਰਭਜਨ ਗਿੱਲ ਦੀ ਮਾਨਵਵਾਦੀ ਤੇ ਪ੍ਰਗਤੀਸ਼ੀਲ ਦ੍ਰਿਸ਼ਟੀ ਦਾ ਪ੍ਰਤੱਖ ਪ੍ਰਮਾਣ ਹੈ।

-ਡਾ, ਲਾਭ ਸਿੰਘ ਖੀਵਾ

  • ਹੁਣ ਗ਼ਜ਼ਲ ਰੂਪਾਕਾਰ ਕੇਵਲ ਪਿਆਰ ਨਾਲ ਸੰਬੰਧਿਤ ਵਿਸ਼ਿਆਂ ਦੇ ਪ੍ਰਗਟਾਵੇ ਤਕ ਹੀ ਸੀਮਿਤ ਨਹੀਂ ਸਗੋਂ ਇਸ ਦਾ ਵਿਸ਼ਾ-ਖੇਤਰ ਵਿਸ਼ਾਲ ਅਰਥਾਂ ਦਾ ਧਾਰਨੀ ਹੋ ਚੁੱਕਾ ਹੈ। ਉਂਝ ਤਾਂ ਹਰ ਗ਼ਜ਼ਲ ਵਿਚ ਹਰ ਸ਼ਿਅਰ ਸੁਤੰਤਰ ਬਿਰਤੀ ਧਾਰਨੀ ਹੁੰਦਾ ਹੈ, ਪਰ ਜਿਸ ਗ਼ਜ਼ਲ ਵਿਚ ਸ਼ਿਅਰ ਦੀ ਸੰਰਚਨਾ ਸਾਪੇਖਕ ਸਥਿਤੀ 'ਚ ਹੁੰਦੀ ਹੈ ਅਰਥਾਤ ਇਕ ਵਿਸ਼ੇ ਦਾ ਪ੍ਰਗਟਾਵਾ ਕਰਦੀ ਹੈ, ਉਹ ਗ਼ਜ਼ਲ ਮੁਸਲਸਲ ਹੁੰਦੀ ਹੈ। ਗੁਰਭਜਨ ਗਿੱਲ ਦੋਹਾਂ ਤਰ੍ਹਾਂ ਦੇ ਗ਼ਜ਼ਲ ਰੂਪਾਕਾਰ ਰਾਹੀਂ ਸੰਵੇਦਨਾ ਨੂੰ ਪ੍ਰਗਟਾਉਂਦਾ ਹੈ। ਉਸ ਨੇ ਮਤਲਿਆਂ ਵਿਚ ਕਾਫ਼ੀਏ ਨੂੰ ਸ਼ਬਦਾਂ ਦੀ ਬਜਾਏ 'ਧੁਨੀ' ਦੇ ਪੱਧਰ ਉੱਤੇ ਤੁਕਾਂਤ ਮੇਲ ਕੀਤਾ ਹੈ, ਇਵੇਂ ਉਸ ਨੇ ਸਵਰ ਤੇ ਵਿਅੰਜਨ ਦੋਹਾਂ ਦਾ ਇਸਤੇਮਾਲ ਕੀਤਾ ਹੈ। ਸ਼ਾਇਰ ਗਿੱਲ ਸਮਾਜਕ-ਯਥਾਰਥ ਦੇ ਅੰਤਰ ਵਿਰੋਧਾਂ ’ਚੋਂ ਪੈਦਾ ਹੋਈ ਸੰਵੇਦਨਾ ਜਾਂ ਚੇਤਨਾ ਨੂੰ ਵਿਸ਼ੇਸ਼ ਵਿਚਾਰਧਾਰਾ ਦੀ ਰੌਸ਼ਨੀ ਵਿਚ ਵਿਸ਼ੇਸ਼ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਸੰਚਾਰਤ ਕਰਦਾ ਹੈ...ਸ਼ਾਇਰ ਦਾ ਸ਼ਿਅਰੀ ਪ੍ਰਯੋਜਨ ਲੋਕ-ਮੁਖੀ ਹੋਣ ਕਰਕੇ ਉਸ ਦੀਆਂ ਗ਼ਜ਼ਲਾਂ ਸੂਖ਼ਮ ਤੇ ਮਹੀਨ ਬਿੰਬਾਂ-ਪ੍ਰਤੀਕਾਂ ਦੀ ਮੁਹਤਾਜ ਨਹੀਂ ਹੁੰਦੀਆਂ, ਸਗੋਂ ਉਹ ਉਸ ਇਸ ਸਰਲ ਭਾਸ਼ਾ ਤੇ ਲੋਕ ਮੁਹਾਵਰੇ ਵਾਲੀ ਸ਼ੈਲੀ ਵਿਚ ਪੇਸ਼ ਕਰਦਾ ਹੈ। ਉਸ ਦੇ ਬਿੰਬਾਂ ਤੇ ਪ੍ਰਤੀਕਾਂ ’ਚ ਇਸ ਤਰ੍ਹਾਂ ਦੀ ਸਮਾਨਤਾ ਤੇ ਕਿਰਿਆਸ਼ੀਲਤਾ ਹੈ, ਜਿਵੇਂ ਅੱਥਰਾ ਘੋੜਾ ਅਮਰਵੇਲ ਜ਼ਹਿਰੀ ਨਾਗ ਬਿੰਬਾਂ ਦੇ ਰੂਪ ਵਿਚ ਆਏ ਹਨ ਅਤੇ ਵਾਰ-ਵਾਰ ਕੀਤਾ ਪ੍ਰਯੋਗ ਇਨ੍ਹਾਂ ਨੂੰ ਪ੍ਰਤੀਕਾਂ ਦਾ ਰੂਪ ਵੀ ਪ੍ਰਦਾਨ ਕਰਦਾ ਹੈ। ਉਸ ਦੀ ਕਲਾ ਕੌਸ਼ਲਤਾ ਦਾ ਇਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਉਹ ਆਧੁਨਿਕ ਮਸਲਿਆਂ ਦੇ ਚਿੰਤਨ ਨੂੰ ਲੋਕ-ਮਾਨਸਿਕਤਾ ਦਾ ਹਿੱਸਾ ਬਣਾਉਣ ਲਈ ਇਤਿਹਾਸਕ-ਮਿਥਿਹਾਸਕ ਰੂੜ੍ਹੀਆਂ ਦਾ ਸਹਾਰਾ ਵੀ ਲੈਂਦਾ ਹੈ। ਏਸੇ ਕਰਕੇ ਉਹ ਦੁੱਲਾ ਭੱਟੀ, ਮਿਰਜ਼ਾ, ਸੀਤਾ, ਰਾਵਣ, ਮਤੀਦਾਸ, ਹੀਰ, ਸੱਸੀ, ਨਾਨਕ, ਗੁਰੂ ਗੋਬਿੰਦ ਸਿੰਘ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /137