ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਿ ਪਾਤਰਾਂ ਅਤੇ ਲੋਕ ਕਥਾਵਾਂ ਦੇ ਬਿਰਤਾਂਤ ਨੂੰ ਸ਼ਿਅਰੀ ਸਿਰਜਣਾ ਦਾ ਆਧਾਰ ਬਣਾਉਂਦਾ ਹੋਇਆ, ਸਮਕਾਲੀ ਵਸਤੂ-ਯਥਾਰਥ ਦੇ ਪ੍ਰਸੰਗ ਵਿਚ ਇਨ੍ਹਾਂ ਦੀ ਨਵ-ਸਿਰਜਣਾ ਕਰਦਾ ਹੈ। ਗੁਰਭਜਨ ਗਿੱਲ ਦੀ ਸ਼ਿਲਪ ਕਲਾ ਸੰਚਾਰ ਯੋਗਤਾ ਪਰ ਉਤਕ੍ਰਿਸ਼ਟ ਸ਼ਿਲਪਕਾਰੀ ਦੇ ਸਰੂਪ ਵਜੋਂ ਉਘੜਦੀ ਹੈ।

-ਜਸਵਿੰਦਰ ਸਿੰਘ

ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਉ ਨੂੰ ਆਪਣੀ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ। ਉਹ ਆਪਣੀ ਕਵਿਤਾ ਅੰਦਰ ਜੀਵੰਤ ਸਮਾਜ ਵਿਚ ਜੀਣ ਦੀ ਤਮੰਨਾ ਦਾ ਪ੍ਰਵਚਨ ਉਸਾਰਦਾ ਹੈ। ਇਹ ਪ੍ਰਵਚਨ ਸਥਾਪਤੀ ਤੇ ਵਿਸਥਾਪਤੀ, ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਉ ਵਿਚੋਂ ਅਰਥ ਗ੍ਰਹਿਣ ਕਰਦਾ ਹੈ। ਇਸੇ ਪ੍ਰਸੰਗ ਵਿਚ ਹੀ ਗੁਰਭਜਨ ਗਿੱਲ ਦੀ ਵਿਵੇਕਮਈ ਸੂਝ ਸਰਮਾਏਦਾਰੀ ਅਤੇ ਇਹਦੀਆਂ ਸੰਚਾਲਕ ਸ਼ਕਤੀਆਂ ਦੀ ਪਛਾਣ ਕਰਦੀ ਹੈ। ਉਹਦੀ ਕਵਿਤਾ ਪੰਜਾਬ ਦੀ ਮਿੱਟੀ ਦੀ ਮਹਿਕ ਦੇ ਗ੍ਰਹਿਣੇ ਸੰਤਾਪ ਦੇ ਕੇਂਦਰੀ ਸੂਤਰ ਦੀ ਨਿਸ਼ਾਨਦੇਹੀ ਕਰਦੀ ਮਨੁੱਖ ਦੀ ਸਵੈਸਵਾਰਥੀ ਰੁਚੀ 'ਤੇ ਉਂਗਲ ਧਰਦੀ, ਇਤਿਹਾਸਕ ਪ੍ਰਸੰਗ ਵਿਚ ਦੁਸ਼ਮਣ ਦੀ ਪਛਾਣ ਕਰਦੀ ਹੈ। ਕਾਵਿ-ਸੰਵੇਦਨਾ ਵਿਚਲੇ ਲੋਕ-ਮੁਹਾਵਰੇ ਦੀ ਪੇਸ਼ਕਾਰੀ ਵੀ ਗੁਰਭਜਨ ਗਿੱਲ ਦੀ ਸ਼ਾਇਰੀ ਦੀ ਪ੍ਰਾਪਤੀ ਹੈ।

-ਗੁਰਇਕਬਾਲ ਸਿੰਘ (ਡਾ.)

  • ਗੁਰਭਜਨ ਗਿੱਲ ਇਕ ਐਸਾ ਰੁੱਖ ਏ, ਜਿਸ ਦੀਆਂ ਸ਼ਾਖਾਂ ਦੇ ਸੰਗੀਤ ਵਿਚ ਜੜ੍ਹਾਂ ਦੀਆਂ ਸੁਰਾਂ ਰਲੀਆਂ ਵੀ ਸੁਣੀਆਂ ਨੇ। ਉਹ ਇਕ ਵਣਜਾਰਾ ਏ ਗਲੀ ਗਲੀ ਹੋਕਾ ਦਿੰਦਾ, ਅੰਦਰ ਦੇ ਸੁਹਜ ਨੂੰ ਸ਼ਿੰਗਾਰਨ, ਨਿਖਾਰਣ ਦੀਆਂ ਮਣੀਆਂ ਦਾ। ਸੱਚ ਦੇ ਲਾਲਾਂ ਦਾ। ਇਕਤਾਰੇ ਵਾਲਾ ਸਿਆਲਕੋਟੀ ਰਮਤਾ ਫ਼ਕੀਰ ਜ਼ਿੰਦਗੀ ਦੀਆਂ ਰਮਜ਼ਾਂ ਗਾਉਂਦਾ ਬਸਤੀ ਬਸਤੀ ਡੇਰੇ ਡੇਰੇ, ਬੂਹੇ ਬੂਹੇ। ਵਿਹੜੇ ਵੱਸਦੇ ਰਹਿਣ ਦੀਆਂ ਅਸੀਸਾਂ ਦਿੰਦਾ। ਸਾਰੇ ਜੱਗ ਦੀ ਖ਼ੈਰ ਮੰਗਦਾ। ਇਕ ਵੈਦ ਜੋ ਜ਼ਮਾਨੇ ਦੀਆਂ ਨਬਜ਼ਾਂ ਟੋਂਹਦਾ, ਅਹੁਰ ਪਛਾਣਦਾ ਹੈ ਤੇ ਉਹਦਾ ਦਾਰੂ ਦੱਸਦਾ ਏ। ਇਕ ਫ਼ਲ ਤੋੜਾਵਾ ਜੇ ਕੁਝ ਫ਼ਲ ਝੋਲੀ ਭਰਦਾ ਏ ਤੇ ਕੁਝ ਹਲੂਣਾ ਮਾਰ ਕੇ ਭੁੰਜੇ ਡੇਗਦਾ ਹੇਠ ਖਲੋਤਿਆਂ ਦੇ ਚੁਗਣ ਲਈ। ਖਟਮਿੱਠੇ ਫਲ।"

-ਮੋਹਨ ਕਾਹਲੋਂ *

  • ਅਸਲ ਵਿਚ ਗੁਰਭਜਨ ਗਿੱਲ ਦੀ ਸਾਰੀ ਸ਼ਾਇਰੀ ਹੀ ਗੀਤ-ਮਈ ਹੈ। ਉਹ ਛੰਦ ਵਜ਼ਨ, ਲੈਅ ਅਤੇ ਤਾਲ ਨੂੰ ਬੜਾ ਮਹੱਤਵ ਦਿੰਦਾ ਹੈ। ਸਮਕਾਲੀ ਘਟਨਾਵਾਂ ਤੋਂ ਪ੍ਰਭਾਵਿਤ ਉਸ ਦੀ ਕਵਿਤਾ ਦਾ ਵਡੇਰਾ ਭਾਗ ਪੰਜਾਬ ਦੀਆਂ ਅੱਤਵਾਦੀ ਦੁਖਾਂਤਕ ਘਟਨਾਵਾਂ ਨਾਲ ਸੰਬੰਧਤ ਹੈ। ਬੇਗੁਨਾਹਾਂ ਦੇ ਕਤਲ, ਖ਼ੌਫ਼ ਤੇ ਆਤੰਕ, ਜਿਥੇ ਕਵੀ ਲਈ ਚਿੰਤਾ ਦਾ ਕਾਰਨ ਹੈ, ਉਥੇ ਲਗਾਤਾਰ ਸਿਰਜਣਾ ਦਾ ਪ੍ਰੇਰਕ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /138