ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿੰਦੂ ਵੀ ਹੈ। ਉਸ ਦੀ ਸ਼ਾਇਰੀ ਵਿਪਰੀਤ ਪ੍ਰਸਥਿਤੀਆਂ ਤੇ ਚਿੰਤਾਜਨਕ ਮਾਹੌਲ ਦੇ ਬਾਵਜੂਦ ਉਤਸ਼ਾਹਮਈ ਅਤੇ ਆਸ਼ਾਜਨਕ ਹੈ। ਏਹੀ ਪੱਖ ਉਸ ਨੂੰ ਸਮਕਾਲੀ ਸ਼ਾਇਰਾਂ ਤੋਂ ਨਿਖੇੜਦਾ ਹੈ। ਉਹ ਤ੍ਰਾਸਦਕ ਸਥਿਤੀਆਂ ਵਿਚ ਵੀ ਆਸ ਦੇ ਦੀਪਕ ਬਾਲਦਾ ਤੁਰਿਆ ਜਾਂਦਾ ਹੈ। ਇੰਝ ਉਸ ਦੀ ਸ਼ਾਇਰੀ ਦਾ ਪਾਠ ਸਰੋਤੇ/ ਪਾਠਕ ਲਈ ਹੁਲਾਸਮਈ ਤਜਰਬਾ ਹੋ ਨਿਬੜਦਾ ਹੈ। ਮਾੜੇ ਦਿਨਾਂ ਵਿਚ ਵੀ ਉਹ ਸਾਹਿਤਕਾਰ ਦੀ ਨਾਗਰਿਕ ਜ਼ਿੰਮੇਵਾਰੀ ਤੋਂ ਅਵੇਸਲਾ ਨਹੀਂ ਹੁੰਦਾ, ਸਗੋਂ ਬਾਰਬਾਰ ਤੇ ਲਗਾਤਾਰ ਪਾਠਕ ਨੂੰ ਚੌਕਸ ਕਰਦਾ ਰਹਿੰਦਾ ਹੈ। ਇਹ ਕਹਿਣਾ ਤਾਂ ਮੁਸ਼ਕਿਲ ਪ੍ਰਤੀਤ ਹੁੰਦਾ ਹੈ ਕਿ ਗਿੱਲ ਗ਼ਜ਼ਲ ਵਿਚ ਵਧੇਰੇ ਸਫ਼ਲ ਹੈ ਜਾਂ ਗੀਤ ਤੇ ਨਜ਼ਮ ਵਿਚ, ਫੇਰ ਵੀ ਉਹ ਆਪਣੀਆਂ ਨਜ਼ਮਾਂ ਵਿਚ ਉਨ੍ਹਾਂ ਸਾਰੇ ਮਸਲਿਆਂ ਨੂੰ ਕਾਵਿਕ ਪੱਧਰ 'ਤੇ ਨਿਭਾਉਂਦਾ ਹੈ, ਜਿਹੜੇ ਪ੍ਰਗਤੀਵਾਦੀ ਕਵੀਆਂ/ਸ਼ਾਇਰਾਂ ਲਈ ਹਮੇਸ਼ਾ ਹੀ ਚਿੰਤਾ ਦਾ ਕਾਰਨ ਬਣ ਰਹੇ ਹਨ। ਗੱਲ ਭਾਵੇਂ ਨੈਲਸਨ ਮੰਡੇਲਾ ਦੀ ਰਿਹਾਈ ਦੀ ਹੋਵੇ ਜਾਂ ਪੰਜਾਬ ਦੇ ਕਾਲੇ ਦਿਨਾਂ ਦੀ ਉਹ ਪ੍ਰਗਤੀਵਾਦੀ ਕਾਵਿ ਦੇ ਸਥਾਪਤ ਮੁਹਾਵਰੇ ਵਿਚ ਹੀ ਆਪਣੀ ਜਾਣੀ-ਪਛਾਣੀ ਪ੍ਰਤੀਕਿਰਿਆ ਪ੍ਰਗਟ ਕਰਦਾ ਹੈ। ਗਿੱਲ ਆਪਣੀ ਧਰਤੀ, ਪੰਜਾਬ ਦੀ ਮਿੱਟੀ ਨੂੰ ਟੁੱਟ ਕੇ ਪਿਆਰ ਕਰਦਾ ਹੈ ਅਤੇ ਜਿਹੜੀ ਵੀ ਧਿਰ ਪੰਜਾਬ ਦੇ ਵਾਤਾਵਰਣ ਨੂੰ ਜ਼ਹਿਰੀਲਾ ਜਾਂ ਸੋਗਮਈ ਬਣਾਉਣ ਦਾ ਯਤਨ ਕਰਦੀ ਹੈ, ਉਹ ਉਸ ਦੇ ਕ੍ਰੋਧ ਦਾ ਕਾਰਨ ਬਣਦੀ ਹੈ। ਇਹ ਜ਼ਹਿਰ ਫੈਲਾਉਣ ਵਾਲੀ ਸ਼ਕਤੀ ਭਾਵੇਂ ਸਾਮਰਾਜ ਹੈ, ਦੇਸੀ ਹਾਕਮ ਹਨ, ਫ਼ਿਰਕੂ ਸ਼ਕਤੀਆਂ ਹਨ ਜਾਂ ਮਨੁੱਖਤਾ ਦੇ ਵੈਰੀ ਕਾਤਲ ਗ੍ਰੋਹ ਹਨ, ਉਹ ਕਦੇ ਸੰਕੇਤਕ ਤੇ ਕਦੇ ਬੇਬਾਕ ਭਾਸ਼ਾ ਵਿਚ ਆਪਣੀ ਤਰਫ਼ਦਾਰੀ ਪ੍ਰਗਟਾਉਣ ਲਈ ਤਤਪਰ ਰਹਿੰਦਾ ਹੈ। ਗਿੱਲ ਦੀ ਬਿੰਬਾਵਲੀ, ਉਸ ਦੀ ਕਾਵਿ ਭਾਸ਼ਾ ਅਤੇ ਅਨੁਭਵ ਖੇਤਰ ਦੇ ਨਾਲ-ਨਾਲ ਇਸ ਦਾ ਪ੍ਰਗੀਤਕ ਲਹਿਜਾ ਤੇ ਮੁਹਾਵਰਾ, ਉਸ ਦੀ ਸਮੁੱਚੀ ਕਾਵਿ-ਰਚਨਾ ਨੂੰ ਆਮ ਪਾਠਕ ਨਾਲ ਜੋੜੀ ਰੱਖਦਾ ਹੈ। ਉਸ ਦੀ ਸ਼ਾਇਰੀ ਪੰਜਾਬੀ ਦੇ ਜਨ ਸਾਧਾਰਨ ਤਕ ਨੂੰ ਵੀ ਆਪਣੀ ਆਪਣੀ ਲੱਗਦੀ ਹੈ।

-ਹਰਭਜਨ ਸਿੰਘ ਹੁੰਦਲ

  • ਗੁਰਭਜਨ ਗਿੱਲ ਦੀ ਸ਼ਾਇਰੀ ਪੰਜਾਬੀਅਤ ਦੀ ਗੌਰਵਮਈ ਗਾਥਾ ਦਾ ਗਿਆਨ ਗੀਤ ਹੈ। ਸਮਕਾਲੀ ਜ਼ਿੰਦਗੀ ਵਿਚ ਪ੍ਰਾਪਤੀਆਂ ਦੀ ਚੂਹਾ ਦੌੜ ਨੇ ਜਿਹੜੀਆਂ ਨਾਕਾਬਲੇ ਮੁਆਫ਼ੀਯੋਗ ਖ਼ੁਨਾਮੀਆਂ ਕਰਵਾਈਆਂ ਹਨ, ਗੁਰਭਜਨ ਦੀ ਸ਼ਾਇਰੀ ਉਨ੍ਹਾਂ ਦਾ ਗਹਿਰਾ ਅਹਿਸਾਸ ਕਰਵਾਉਂਦੀ ਹੋਈ ਸਾਨੂੰ ਚੇਤਾਵਨੀ ਦੇਂਦੀ ਹੈ ਕਿ ਜੇ ਅਸੀਂ ਰਸਾਤਲ ਦੀ ਇਸ ਦਲਦਲ ਵਿਚੋਂ ਬਾਹਰ ਨਾ ਆਏ ਤਾਂ ਆਪਣੇ ਪੁਰਖਿਆਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਕਰਨ ਦੇ ਅਧਿਕਾਰ ਤੋਂ ਵੰਚਿਤ ਰਹਿ ਜਾਵਾਂਗੇ। ਇਸ ਦੇ ਨਾਲ ਹੀ ਆਪਣੀ ਸੰਤਾਨ ਨੂੰ ਵੀ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗੇ। ਕੀ ਇਸ ਪੁਸਤਕ ਵਿਚਲੀ ਚਿਤਾਵਨੀ ਪੰਜਾਬੀ ਜਨ ਮਾਨਸ ਦੇ ਅੰਤਰਮਨ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /139