ਪੰਨਾ:ਤੱਤੀਆਂ ਬਰਫ਼ਾਂ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੫)

ਪਿਆਰੀ ਮਾਂ

ਸ਼ਹਿਨਸ਼ਾਹ ਅਕਬਰ ਦੀ ਮਾਤਾ ਸੁਰਗਵਾਸ ਜਾਂ ਹੋਈ।
ਰੋ ਰੋ ਫਾਵਾ ਅਕਬਰ ਹੋਇਆ ਸਮਝ ਨਾ ਸਕੇ ਕੋਈ।
ਪੁਛਣ ਲਗੇ ਅਹਿਲਕਾਰ ਰਲ ਇਤਨਾ ਕਿਉਂ ਘਬਰਾਏ।
ਬਾਦਸ਼ਾਹ ਤਦ ਸਭਨਾਂ ਤਾਈਂ ਇਸ ਤਰ੍ਹਾਂ ਸਮਝਾਏ।
ਬੇਸ਼ਕ ਜਗ ਤੇ ਰਿਸ਼ਤੇ ਸਾਰੇ ਹਦੋਂ ਵਧ ਪਿਆਰੇ।
ਆਪਣੇ ਆਪਣੇ ਮਤਲਬ ਖਾਤਰ ਜਾਵਣ ਪੈ ਬਲਿਹਾਰੇ।
ਖੁਦਗਰਜ਼ੀ ਦੀ ਖਾਤਰ ਸਾਰੇ ਨਿਉਂ ਨਿਉਂ ਕਰਨ ਸਲਾਮਾਂ।
ਏਸ ਜਗਤ ਦੀ ਰੀਤ ਏਹੋ ਹੈ ਪੈਂਦਾ ਸੁਖ ਵਟਾਨਾਂ।
ਜੀ ਜੀ ਜੀ ਹਜ਼ੂਰੀ ਸਾਰੇ ਬੇਸ਼ਕ ਨਜ਼ਰੀਂ ਆਵਨ।
ਅੰਦਰੋਂ ਬਾਹਰੋਂ ਕਈ ਤਰਾਂ ਦੇ ਪਾ ਭੁਲੇਖੇ ਜਾਵਣ।
ਵਡੇ ਵਡੇ ਅਧਕ ਪਿਆਰੇ ਦੁਖ ਵਿਚ ਸਾਥ ਛੁਡਾਂਦੇ।
ਬੜੇ ਸਿਆਣੇ ਵੀ ਇਕ ਵੇਲੇ ਫਸਿਆ ਹੀ ਛੱਡ ਜਾਂਦੇ।
ਰਯਤ ਮੇਰੀ ਭਾਰਤ ਸਾਰੀ ਬੇਸ਼ਕ ਮਾਨ ਕਰਾਵੇ।
(ਅਕੂ) ਆਖ ਬੁਲਾਵਣ ਵਾਲੀ, ਹੁਣ ਨਾ ਨਜ਼ਰੀਂ ਆਵੇ।
ਸਭ ਤੋਂ ਠੰਢੀ ਛਾਂ ਪਿਆਰੀ ਇਕੋ ਨਜ਼ਰੀਂ ਆਵੇ।
'ਕਿਰਤੀ' ਧਨੀ ਗਰੀਬਾਂ ਦੀ ਮਾਂ ਸਭਨਾਂ ਦੇ ਮਨ ਭਾਵੇ।

ਮਾਂ

ਕਿਸੇ ਮਾਂ ਨੂੰ ਦੇਂਵਦੇ ਮਾਨ ਲੋਕੀ,
ਪੁਤਰ ਜੰਮਿਆ ਚਤਰ ਸੁਜਾਨ ਜੇਕਰ।
ਕਿਸੇ ਮਾਂ ਨੂੰ ਕਰਨ ਬਦਨਾਮ ਲੋਕੀਂ,
ਪਤਰ ਜੰਮਿਆ ਕਿਤੇ ਬਦਨਾਮ ਜੇਕਰ।
ਕਿਸੇ ਮਾਂ ਨੂੰ ਪਏ ਵਡਿਆਣ ਲੋਕੀਂ,
ਪੁਤਰ ਜੰਮਿਆ ਸੂਰ ਬਲਵਾਨ ਜੇਕਰ।
ਕਿਸੇ ਮਾਂ ਨੂੰ ਢੀਠ ਕਰਾਣ 'ਕਿਰਤੀ',
ਪੁਤਰ ਜੰਮ ਪਿਆ ਬੇਈਮਾਨ ਜੇਕਰ