ਪੰਨਾ:ਤੱਤੀਆਂ ਬਰਫ਼ਾਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਨਨਕਾਣੇ ਦੀ ਯਾਦ

ਭੁਲ ਨਾ ਸਕਣ ਦੇਸ਼ ਮੇਰੇ ਦੀਆਂ, ਸੋਹਣੀਆਂ ਮੌਜ ਬਹਾਰਾਂ।
ਭੁਲ ਨਾ ਸਕਣ ਗਲੀਆਂ ਕੂਚੇ, ਖੇਡੇ ਸਾਂ ਸੰਗ ਯਾਰਾਂ।
ਭੁਲ ਨਾ ਸਕਣ ਦੁਖ ਉਠਾ ਕੇ, ਅਸਾਂ ਵਸਾਈਆਂ ਬਾਰਾਂ।
ਭੁਲ ਨਾ ਸਕਣ ਚੀਕ ਚਿਹਾੜੇ ਤੇ ਕੁਰਲਾਂਦੀਆਂ ਨਾਰਾਂ।
ਸਮਾਂ ਪਾ ਕੇ ਭੁਲ ਜਾਣ ਤਾਂ, ਪਤਾ ਨਹੀਂ ਕੀ ਜਾਣਾ।
ਪਰ 'ਕਿਰਤੀ' ਨੂੰ ਕਦੇ ਨਾ ਭੁਲੇ' ਹੇ ਸਤਿਗੁਰ ਨਨਕਾਣਾ।
ਭੁਲ ਚਲੀਆਂ ਗਊਆਂ ਮੱਝਾਂ, ਡਿਠਾ ਨਹੀਂ ਲਵੇਰਾ।
ਬਚੇ ਤਰਸਣ ਲੱਸੀ ਬਾਝੋਂ, ਹੁੰਦਾ ਦੁਖ ਘਨੇਰਾ।
ਰੁਖੀ ਰੋਟੀ ਖਾ ਕੇ ਵੀ ਕੁਝ, ਕਰ ਲੈਸਾ ਮੈਂ ਜੇਰਾ।
ਪਰ ਜੇ ਭੁਲਾਂ ਮਾਲ ਸਾਹਿਬ, ਤਾਂ ਜਲ ਜਾਸੀ ਦਿਲ ਮੇਰਾ।
ਟਾਗੂੰ ਸਾਹਿਬੋਂ ਹੇ ਗੁਰੂ ਨਾਨਕ, ਵਾਜਾਂ ਮਾਰ ਬੁਲਾਣਾ।
ਭੁਲ ਨਾ ਜਾਏ ਕਿਧਰੇ 'ਕਿਰਤੀ' ਤੇਰਾ ਉਹ ਨਨਕਾਣਾ।
ਡਰ ਹੈ ਕਿਧਰੇ ਕੋਈ ਸਿਆਣਾ, ਮੈਨੂੰ ਚਾ ਭੁਲਾਏ।
ਪੱਟੀ ਸਾਹਿਬੋਂ ਚਿੱਤ ਹਟਾ ਕੇ, ਆਪਣੀ ਪੱਟੀ ਲਾਏ।
ਗੁਰਬਾਣੀ ਦੀ ਥਾਂਵੇਂ ਕਿਧਰੇ, ਉਲਟੇ ਸਬਕ ਪੜ੍ਹਏ।
ਲੀਲ੍ਹਾ ਬਾਲ ਗੁਰੂ ਨਾਨਕ ਦੀ, ਮਨ ’ਚੋਂ ਕਢਨਾ ਚਾਹੇ।
ਮੰਨਦਾ ਨਹੀਂ ਮੈਂ ਹੋ ਜਾਵਾਂਗਾ, ਏਡਾ ਮੂੜ੍ਹ ਅੰਜਾਣਾ।
'ਕਿਰਤੀ' ਫਿਰ ਵੀ ਬਖਸ਼ ਲਿਆ ਜੇ, ਭੁਲੇ ਨਾ ਨਨਕਾਣਾ।
ਤੁਸਾਂ ਕਿਆਰੇ ਸਾਹਿਬੋਂ ਸਤਿਗੁਰ, ਸੋਹਣੇ ਰਾਹ ਦਿਖਾਏ।
ਸਪਾਂ ਕੋਲੋਂ ਛਾਂ ਕਰਾ ਕੇ, ਮੇਰੇ ਸਭ ਡਰ ਲਾਹੇ।
ਸਪਾਂ ਦੇ ਵਿਚ ਵਸਾਂ ਤਾਂ ਵੀ, ਦਿਲ ਨਾ ਹੀ ਘਬਰਾਏ।
ਨਾ ਮੈਂ ਕਿਸੇ ਡਰਾਵਾਂ ਪਹਿਲਾਂ ਨਾ ਕੋ ਮੋਹਿ ਡਰਾਏ।
ਤਾਂ ਤੇ ਸਤਿਗੁਰ ਕਿਰਪਾ ਕਰਨੀ, ਦਿਲ ਤੋਂ ਨਹੀਂ ਭੁਲਾਣਾ।
ਮੈਂ ਨਾ ਭੁਲਾਂ ਭੁਲ ਭੁਲੇਖੇ, 'ਕਿਰਤੀ' ਉਹ ਨਨਕਾਣਾ।