ਪੰਨਾ:ਤੱਤੀਆਂ ਬਰਫ਼ਾਂ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੦੪)

ਬੇਸ਼ੱਕ ਰਿਸ਼ਵਤ ਖੋਰੀ ਦਾ ਹੈ, ਹੋਇਆ ਜ਼ੋਰ ਚੁਫੇਰੇ।
ਬੇਸ਼ੱਕ ਚੋਰ ਬਜ਼ਾਰੀ ਦਾ ਵੀ, ਪੈਂਦਾ ਸ਼ੋਰ ਚੁਫੇਰੇ।
ਬੇਸ਼ੱਕ ਚਾਨਣ ਕਿਤੇ ਨਾ ਦਿਸੇ, ਹੋਇਆ ਘੋਰ ਚੁਫੇਰੇ।
ਬੇਸ਼ੱਕ ਸਚਾ ਵਿਰਲਾ ਕੋਈ, ਦਿਸਣ ਚੋਰ ਚੁਫੇਰੇ।
ਫਿਰ ਵੀ ਚਾਹਵਾਂ ਸਚੇ-ਸੌਦੇ ਦਾ, ਮੁੜ ਦਰਸ਼ਨ ਪਾਣਾ।
ਇਸੇ ਖਾਤਰ ਚਾਹਵਾਂ 'ਕਿਰਤੀ', ਗੁਰ ਭੁਲੇ ਨਾ ਨਨਕਾਣਾ।




ਇਹ ਦੁਨੀਆਂ ਚੀਕ ਚਿਹਾੜਾ ਏ



ਦਿਲ ਕਰਦਾ ਕਿਤੇ ਅਜ਼ਾਦੀ ਦਾ ਜੀਵਨ ਹੀ ਨਿਰਾ ਗੁਜ਼ਾਰਾਂ ਮੈਂ।
ਕੋਈ ਦੁਸ਼ਮਨ ਦੋਖੀ ਦਿਸੇ ਨਾ ਮਾਣਾਂ ਪਿਆ ਮੌਜ ਬਹਾਰਾਂ ਮੈਂ।
ਪਰ ਹੁੰਦਾ ਇਸ ਤੋਂ ਉਲਟ ਏ ਤੇ ਦਿਸਦਾ ਨਿਰਾ ਪਵਾੜਾ ਏ।
ਇਸ ਦੁਨੀਆਂ ਅੰਦਰ ਸਾਰੀ ਦੇ ਡਾਢਾ ਹੀ ਚੀਕ ਚਿਹਾੜਾ ਏ।
ਕਿਤੇ ਝੂਠਾ ਹਸਣਾ ਪੈਂਦਾ ਏ, ਕਿਤੇ ਝੂਠਾ ਰੋਣਾ ਪੈਂਦਾ ਏ।
ਕਿਤੇ ਝੂਠਾ ਨਿਰੀ ਖੁਸ਼ਾਮਦ ਦਾ, ਨੀਵਾਂ ਵੀ ਹੋਣਾ ਪੈਂਦਾ ਏ।
ਦਿਲ ਕਰੇ ਚਾਹੇ ਨਾ ਕਰਨੇ ਨੂੰ ਉਲਟਾ ਹੀ ਏਹ ਅਖਾੜਾ ਏ।
ਢਹਿ ਢਹਿਕੇ ਫਿਰ ਭੀ ਮੁੜਨਾ ਨਾ, ਏਹ ਦੁਨੀਆ ਚੀਕ ਚਿਹਾੜਾ ਏ।
ਕਿਤੇ ਝੂਠੀ ਨਿਰੀ ਮੁਹੱਬਤ ਦੀ ਝਲਕੀ ਭੀ ਪਵੇ ਵਖਾਣੀ ਏ।
ਕਿਤੇ ਝੂਠੀ ਹੀ ਹਮਦਰਦੀ ਦੀ ਗਲ ਪੈਂਦੀ ਪਈ ਸੁਨਾਣੀ ਏ।
ਮਨ ਕੁਝ ਹੋਣਾ ਮੂੰਹ ਕੁਝ ਹੋਣਾ ਬਣਿਆ ਸੂਲਾਂ ਦਾ ਵਾੜਾ ਏ।
ਕਿਸ ਤਾਈਂ ਆਖ ਸੁਨਾਣਾ ਏ, ਏਹ ਡਾਢਾ ਚੀਕ ਚਿਹਾੜਾ ਏ।
ਜੇ ਪਾਪੀ ਮੌਜਾਂ ਕਰਦੇ ਨੇ ਓਹ ਰਬ ਕੋਲੋਂ ਨਾ ਡਰਦੇ ਨੇ।
ਜੇ ਧਰਮੀ ਸਯਦੇ ਕਰਦੇ ਨੇ ਪੈ ਕਈ ਸਖਤੀਆਂ ਜਰਦੇ ਨੇ।
ਟਪਲੇ ਪੈ ਥਾਂ ਥਾਂ ਲਗਦੇ ਨੇ, ਏਹ ਭੀ ਨਾ ਮਿਟਦਾ ਸਾੜਾ ਦੇ।
'ਕਿਰਤੀ' ਏਹ ਖੇਡ ਅਲਾਹੀ ਏ, ਪਰ ਡਾਢਾ ਚੀਕ ਚਿਹਾੜਾ ਏ।