ਪੰਨਾ:ਤੱਤੀਆਂ ਬਰਫ਼ਾਂ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੧੫)

ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥

ਪੰਜ ਸਾਲ ਦੇ ਧਰੂਹ ਬਾਲਕ ਤੇ ਵਾਰ

ਪਹਿਲਾਂ ਹੀ ਟੁਰਦੇ ਨੇ ਹਨੇਰ ਮਚਾ ਦੇਣਾ।
ਛੋਟੇ ਜਹੇ ਬਚੇ ਨੂੰ ਵਖਤਾਂ ਵਿਚ ਪਾ ਦੇਣਾ।
ਮਤਰੇਈਆਂ ਮਾਵਾਂ ਦਾ ਕੋਈ ਸਾਂਗ ਬਣਾ ਦੇਣਾ।
ਗੋਦੀ ਵਿਚ ਬੈਠੇ ਨੂੰ ਫੜ ਉਤਾਂ ਉਠਾ ਦੇਣਾ।
ਇਹ 'ਧਰੂਹ' ਸਦਾਂਦਾ ਏ ਭਾਵੇਂ ਅਜ ਅਰਸ਼ਾਂ ਤੇ।
'ਕਿਰਤੀ' ਪਰ ਡਿਗਾ ਸੀ ਇਕ ਵਾਰੀ ‘ਫਰਸ਼ਾਂ ਤੇ।

ਆਇਆ ਤਰਸ ਨਾ ਸਮੇਂ ਨੂੰ ਮੂਲ ਓਦੋਂ,
ਉਤੇ ਬਾਲ ਦੇ ਜ਼ੁਲਮ ਕਮਾਇਆ ਏ।
ਓਹਨੂੰ ਮਾਂ ਮਤਰੇਈ ਦੇ ਪੇਸ਼ ਪਾਕੇ,
ਗੋਦੀ ਬਾਪ ਤੋਂ ਚੁਕ ਉਠਾਇਆ ਏ।
ਪੰਜ ਸਾਲ ਦੇ ਵਿੱਚ ਘਬਰਾਨ ਵਾਲਾ,
ਪਰਚਾ ਓਸ ਗਰੀਬ ਨੂੰ ਪਾਇਆ ਏ।
ਸ਼ੌਂਕ ਜਾਗਿਆ ਭਗਤ ਨੂੰ ਓਸ ਵੇਲੇ,
ਸਕੀ ਮਾਓਂ ਗਿਆਨ ਸੁਨਾਇਆ ਏ।
ਮੋਹ ਤੋੜ ਕੇ ਰਾਜ ਸਮਾਜ ਨਾਲੋਂ,
ਉਠ ਜੰਗਲਾਂ ਦੇ ਵਲ ਧਾਇਆ ਏ।
ਕਿਸੇ ਗਲ ਦੀ ਨਹੀਂ ਪ੍ਰਵਾਹ ਕੀਤੀ,
ਰਾਜੇ ਸਦਿਆ ਪਰਤ ਨਾ ਆਇਆ ਏ।
ਰਹੀ ਧਰਮ ਦੀ ਆਨ ਤੇ ਸ਼ਾਨ ਓਦੋਂ,
ਰਾਜ 'ਧਰੂਹ' ਅਟਲ ਕਰਾਇਆ ਏ।
ਕਿਰਤੀ ਹਾਰ ਹੋਈ ਪੈਹਲੀ ਸਮੇਂ ਤਾਈਂ,
ਏਸ ਗਲ ਤੋਂ ਖਿਝ ਖਿਝਾਇਆ ਏ।